ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੂਬਿਆਂ ਨੂੰ ਵੱਧ ਅਧਿਕਾਰ ਤੇ ਖੁਦਮੁਖਤਿਆਰੀ ਦੇਣ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਮਿਲੇ ਹੋਏ ਸੰਵਿਧਾਨਿਕ ਅਧਿਕਾਰਾਂ 'ਤੇ ਡਾਕਾ ਮਾਰ ਰਹੀ ਹੈ, ਇਹੋ ਕਾਰਨ ਹੈ ਕਿ ਹੁਣ ਭਾਜਪਾ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣੇ ਆਪ ਨੂੰ ਕੁੜਿੱਕੀ 'ਚ ਫਸਿਆ ਹੋਇਆ ਮਹਿਸੂਸ ਕਰ ਰਹੀ ਹੈ। ਇਹ ਵਿਚਾਰ ਵੀਰਵਾਰ ਨੂੰ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰਰੈੱਸ ਵਾਰਤਾ ਦੌਰਾਨ ਪ੍ਰਗਟ ਕੀਤੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਤੇ ਨਾ ਕਿਤੇ ਸੰਵਿਧਾਨ ਦੀ ਮਰਿਆਦਾ ਤੋਂ ਉਲਟ ਜਾ ਕੇ ਬਣਾਏ ਗਏ ਵਿਵਾਦਗ੍ਸਤ ਕਾਨੂੰਨਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਡਰ ਹੈ ਕਿ ਜੇਕਰ ਉਸ ਵੱਲੋਂ ਬਣਾਏ ਗਏਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਹਨ ਤਾਂ ਧਾਰਾ 370 ਤੇ ਐੱਨਆਰਸੀ ਵਰਗੇ ਹੋਰ ਕਾਨੂੰਨ ਰੱਦ ਕਰਵਾਉਣ ਲਈ ਬਾਕੀ ਸੂਬਿਆਂ ਤੋਂ ਵੀ ਮੰਗ ਉਠ ਸਕਦੀ ਹੈ। ਇਸੇ ਡਰ ਨੂੰ ਲੈ ਕੇ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਸਬੰਧੀ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਨੂੰ ਮੰਨਣ ਤੋਂ ਲਗਾਤਾਰ ਪਿੱਛੇ ਹਟ ਰਹੀ ਹੈ।

ਢੀਂਡਸਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਭਾਜਪਾ ਨੇ ਹਿੰਦੂ-ਸਿੱਖ ਭਾਈਚਾਰੇ ਨੂੰ ਖ਼ਤਮ ਕਰਨ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਲੋਕਾਂ ਦੀ ਆਪਸ 'ਚ ਲੜਾਉਣ ਦੀਆਂ ਕੋਝੀਆਂ ਚਾਲਾਂ ਚੱਲਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਨੂੰ ਪੰਜਾਬੀਆਂ ਦੀ ਏਕਤਾ ਨੇ ਮੂੰਹ ਤੋੜ ਜਵਾਬ ਦਿੱਤਾ।

ਪਰਮਿੰਦਰ ਸਿੰਘ ਢੀਂਡਸਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਿਸਾਨੀ ਸੰਘਰਸ਼ ਨੂੰ ਲੈ ਕੇ ਵਾਇਰਲ ਹੋਈ ਸੋਸ਼ਲ ਮੀਡੀਆ ਚੈਟਿੰਗ 'ਤੇ ਉਹ ਭਰੋਸਾ ਨਹੀਂ ਕਰਦੇ ਕਿਉਂਕਿ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਦੀ ਕੋਈ ਜਵਾਬਦੇਹੀ ਤੇ ਜ਼ਿੰਮੇਵਾਰੀ ਨਿਰਧਾਰਤ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਚੈਟਿੰਗ 'ਚ ਕਿਸਾਨੀ ਸੰਘਰਸ਼ ਤੇ ਫੰਡਿੰਗ ਨੂੰ ਲੈ ਕੇ ਵਿਵਾਦਗ੍ਸਤ ਟਿੱਪਣੀਆਂ ਕਾਫ਼ੀ ਚਰਚਾ 'ਚ ਹਨ।

ਸਤਵਿੰਦਰ ਸਿੰਘ ਪਾਲਾ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਨਿਯੁਕਤ

ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਸਤਵਿੰਦਰ ਸਿੰਘ ਪਾਲ ਨੂੰ ਪਾਰਟੀ ਦੀ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜੰਡਾ, ਅਵਤਾਰ ਸਿੰਘ ਜੌਹਲ, ਸੰਤ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਗਿਆਨੀ ਤਰਲੋਚਨ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ ਬਰਖੱਤ, ਪਰਮਿੰਦਰ ਸਿੰਘ ਪੰਨੂ ਕੰਗਮਾਈ, ਕੁਲਵਿੰਦਰ ਸਿੰਘ ਬੌਬੀ ਚਾਵਲਾ, ਭੁਪਿੰਦਰ ਸਿੰਘ, ਮੰਗਲ ਸਿੰਘ ਸੈਬ, ਸਰਬਜੀਤ ਸਿੰਘ ਸਾਬੀ ਸੈਬ, ਸਾਬੀ ਸੈਣੀ, ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।