ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਮੌਸਮ ਵਿਭਾਗ ਵੱਲੋਂ ਅਗਲੇ 72 ਘੰਟਿਆਂ ਦੌਰਾਨ ਭਾਰੀ ਬਾਰਸ਼ ਦੇ ਦਿੱਤੇ ਅਲਰਟ ਅਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਜ਼ਬਰਦਸਤ ਬਾਰਿਸ਼ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਨੇ ਦਰਿਆ ਬਿਆਸ ਕਿਨਾਰੇ ਵੱਸੇ ਸੰਭਾਵਿਤ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸੂਚੀ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਸੂਚੀ 'ਚ ਬਲਾਕ ਮੁਕੇਰੀਆਂ ਦੇ ਪਿੰਡ ਹਲੇੜ ਜਨਾਰਧਨ, ਮੋਤਲਾ, ਮਹਿਤਾਬਪੁਰ, ਜਹਾਨਪੁਰ, ਕੋਲੀਆਂ 418, ਮੰਡ ਮਿਆਣੀ, ਮਿਆਣੀ ਮਲਾਹਾਂ, ਸਿੰਬਲੀ, ਹੁਸ਼ਿਆਰਪੁਰ ਕਲੋਤਾ, ਨੌਸ਼ਹਿਰਾ ਪੱਤਣ, ਤੱਲੂਵਾਲ, ਤੂਰਾਂ, ਤੱਗੜ ਕਲਾਂ, ਜਾਹਦਪੁਰ ਜੱਟਾਂ, ਮੌਲੀ, ਮਹਿੰਦੀਪੁਰ, ਅਮੀਰਪੁਰ, ਮੁਰਾਦਪੁਰ ਜੱਟਾਂ, ਚੱਕਵਾਲ, ਧਨੋਆ, ਬਗੜੋਈ, ਸਰਦੂਲਪੁਰ ਕਲੋਤਾ, ਛਾਂਟਾ ਨੂੰ ਸੰਭਾਵਿਤ ਹੜ੍ਹ ਦੇ ਪ੍ਰਭਾਵ ਹੇਠ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਬਲਾਕ ਹਾਜੀਪੁਰ ਦੇ ਪਿੰਡ ਨਵੇਂ ਘਰ (ਬੇਲਾ ਸਰਿਆਣਾ), ਬੇਲਾ ਸਰਿਆਣਾ, ਢਾਡੇਕਟਵਾਲ, ਝੰਗ, ਭਵਨਾਲ, ਜਮਾਲਪੁਰ, ਪੱਤੀ ਨਾਮਨਗਰ (ਬੇਲਾ ਸਰਿਆਣਾ) ਨੂੰ ਸੂਚੀਬੱਧ ਕੀਤਾ ਗਿਆ ਹੈ।

ਐੱਸਐੱਚਓ ਮੁਕੇਰੀਆਂ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਦਰਿਆ ਬਿਆਸ 'ਚ ਪਾਣੀ ਦੇ ਵਧੇ ਹੋਏ ਪੱਧਰ ਤੇ ਹਿਮਾਚਲ ਪ੍ਰਦੇਸ਼ ਅੰਦਰ ਹੋ ਰਹੀ ਲਗਾਤਾਰ ਬਾਰਸ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਅਹਤਿਆਤਨ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਬਚਾਉਣ ਲਈ ਥਾਣਾ ਪੱਧਰ 'ਤੇ ਕੀਤੇ ਪ੍ਰਬੰਧਾਂ 'ਚ ਵੱਖ-ਵੱਖ ਪਿੰਡਾਂ ਅੰਦਰ ਟਰੈਕਟਰ, ਕਾਰਾਂ, ਜੀਪਾਂ ਦੀਆਂ 15 ਟਿਊਬਾਂ ਸਮੇਤ ਲੰਬੇ ਰੱਸੇ ਰੱਖੇ ਗਏ ਹਨ। ਜੇਸੀਬੀ, ਹਾਈਡਰਾ, ਮਹਿੰਦਰਾ ਪਿੱਕਅੱਪ ਆਦਿ ਨੂੰ ਟੋਲ ਪਲਾਜ਼ਾ ਹਰਸਾ ਮਾਨਸਰ ਵਿਖੇ ਸਟੈਂਡ ਬਾਈ ਰੱਖਿਆ ਗਿਆ ਹੈ ਤੇ ਲੋੜ ਪੈਣ 'ਤੇ ਤੁਰੰਤ ਉਪਲੱਬਧ ਰਹਿਣਗੇ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅੱਗੇ-ਪਿੱਛੇ ਲੈ ਜਾਣ ਲਈ ਹਰ ਪਿੰਡ 'ਚ ਦੋ-ਦੋ ਟਰੈਕਟਰ-ਟਰਾਲੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਠਹਿਰਾਉਣ ਲਈ 10 ਸੁਰੱਖਿਅਤ ਥਾਵਾਂ ਚੁਣੀਆਂ ਗਈਆਂ ਹਨ ਤੇ ਲੋਕਾਂ ਦੇ ਖਾਣ-ਪੀਣ, ਸਿਹਤ ਸੇਵਾਵਾਂ ਤੇ ਪਸ਼ੂਆਂ ਦੀ ਸਾਂਭ-ਸੰਭਾਲ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਸਹੂਲਤਾਂ ਦੀ ਘਾਟ

ਉਨ੍ਹਾਂ ਦੱਸਿਆ ਕਿ ਮੁਕੇਰੀਆਂ ਪ੍ਰਸ਼ਾਸਨ ਕੋਲ੍ਹ ਹੜ੍ਹ ਪ੍ਰਭਾਵਿਤ ਪਿੰਡਾਂ ਵਿਖੇ ਬਚਾਅ ਕਾਰਜਾਂ ਲਈ ਦੋ ਕਿਸ਼ਤੀਆਂ ਮੌਜੂਦ ਹਨ ਜਦਕਿ ਕਿਸ਼ਤੀਆਂ ਦਾ ਕੋਈ ਸਰਕਾਰੀ ਚਾਲਕ ਨਹੀਂ ਹੈ। ਇਸੇ ਤਰ੍ਹਾਂ ਮੁਕੇਰੀਆਂ ਵਿਖੇ ਕੋਈ ਵੀ ਸਰਕਾਰੀ ਗੋਤਾਖ਼ੋਰ ਮੌਜੂਦ ਨਹੀਂ ਹੈ ਜਦਕਿ ਅੱਠ ਦੇ ਕਰੀਬ ਪ੍ਰਾਇਵੇਟ ਗੋਤਾਖ਼ੋਰਾਂ ਨਾਲ ਸੰਪਰਕ ਸਾਧਿਆ ਗਿਆ ਹੈ ਤੇ ਹੋਰ ਗੋਤਾਖ਼ੋਰਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਡੀਐੱਮ ਮੁਕੇਰੀਆਂ ਨੂੰ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਹੰਗਾਮੀ ਸਥਿਤੀ ਨਾਲ ਨਿਪਟਨ ਲਈ ਬਾਕੀ ਦੇ ਪ੍ਰਬੰਧਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।

Posted By: Seema Anand