ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਵੀਰਵਾਰ ਖ਼ੁਸ਼ੀ ਉਸ ਸਮੇਂ ਗਮ 'ਚ ਬਦਲ ਗਈ ਜਦੋਂ ਨਵੇਂ ਮੋਟਰਸਾਈਕਲ 'ਤੇ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਮਿ੍ਤਕ ਦੀ ਪਛਣ ਮੁਕੇਸ਼ ਕੁਮਾਰ (19) ਪੁੱਤਰ ਅਮਰ ਸਿੰਘ ਤੇ ਜ਼ਖ਼ਮੀ ਦੀ ਪਛਾਣ ਧੀਰਜ ਕੁਮਾਰ (18) ਪੁੱਤਰ ਸੰਜੇ ਕੁਮਾਰ ਦੋਵੇਂ ਵਾਸੀ ਅਜੀਤ ਨਗਰ ਅਸਲਾਮਾਬਾਦ ਦੇ ਰੂਪ 'ਚ ਹੋਈ ਹੈ। ਧੀਰਜ ਕੁਮਾਰ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਹਸਪਤਾਲ 'ਚ ਧੀਰਜ ਨਾਲ ਆਏ ਉਸ ਦੇ ਦੋਸਤ ਸੰਜੇ ਕੁਮਾਰ ਨੇ ਦੱਸਿਆ ਕਿ ਮੁਕੇਸ਼ ਗੌਰਮਿੰਟ ਕਾਲਜ ਰੋਡ 'ਤੇ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ। ਮੁਕੇਸ਼ ਨੇ 10 ਕੁ ਦਿਨ ਪਹਿਲਾ ਨਵਾਂ ਮੋਟਰ ਸਾਈਕਲ ਲਿਆ ਸੀ ਤੇ ਵੀਰਵਾਰ ਆਪਣੇ ਦੋਸਤਾਂ ਨਾਲ ਆਸ਼ਾ ਮਾਤਾ ਮੰਗੋਵਾਲ ਮੱਥਾ ਟੇਕਣ ਜਾ ਰਹੇ ਸਨ। ਮੁਕੇਸ਼ ਤੇ ਧੀਰਜ ਇਕ ਮੋਟਰਸਾਈਕਲ 'ਤੇ ਸਨ ਜਦੋ ਕਿ ਸੰਜੇ ਵੱਖ ਮੋਟਰਸਾਈਕਲ 'ਤੇ ਸੀ। ਸੰਜੇ ਨੇ ਦੱਸਿਆ ਕਿ ਮੁਕੇਸ਼ ਮੋਟਰਸਾਈਕਲ ਚਲਾ ਰਿਹਾ ਸੀ ਤੇ ਧੀਰਜ ਉਸ ਦੇ ਪਿੱਛੇ ਬੈਠਾ ਸੀ। ਜਦੋਂ ਉਹ ਚੋਹਾਲ ਨੇੜੇ ਪਹੁੰਚੇ ਤਾਂ ਇਸ ਦੌਰਾਨ ਹਿਮਾਚਲ ਵੱਲੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ (ਐੱਚਪੀ 19 ਏ 8805) ਨੇ ਉਨ੍ਹਾਂ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਹਾਦਸਾ 12 ਵਜੇ ਦੇ ਕਰੀਬ ਹੋਇਆ। ਟੱਕਰ ਏਨੀ ਜ਼ਬਰਦਸਤ ਸੀ ਕਿ ਇਸ ਹਾਦਸੇ 'ਚ ਮੁਕੇਸ਼ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਟੁੱਟ ਗਿਆ। ਮੁਕੇਸ਼ ਤੇ ਧੀਰਜ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਦੀ ਸੂਚਨਾ ਤੁਰੰਤ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰਦੇ ਹੋਏ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵੇ ਮੋਟਰਸਾਈਕਲ ਆਪਣੇ ਕਬਜ਼ੇ 'ਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਹੋਇਆ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਿਮਾਚਲ ਵੱਲੋਂ ਆ ਰਹੇ ਮੋਟਰਸਾਈਕਲ ਚਾਲਕ ਵੀ ਇਸ ਹਾਦਸੇ 'ਚ ਜ਼ਖ਼ਮੀ ਹੋ ਗਿਆ ਹੈ ਤੇ ਉਸ ਦੇ ਸਾਥੀ ਉਸ ਨੂੰ ਕਿਸੇ ਹੋਰ ਹਸਪਤਾਲ 'ਚ ਲੈ ਕੇ ਗਏ ਹਨ। ਮੋਟਰਸਾਈਕਲ ਚਾਲਕ ਕੋਣ ਸੀ ਤੇ ਉਸ ਨੂੰ ਕਿੱਥੇ ਦਾਖ਼ਲ ਕਰਵਾਇਆ ਗਿਆ ਹੈ ਇਹ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਧੀਰਜ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।