ਸੁਰਿੰਦਰ ਢਿੱਲੋਂ , ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਦਾਰਾਪੁਰ ਬਾਈਪਾਸ ਤੇ ਪੈਟਰੋਲ ਪੰਪ ਨੇੜੇ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਿਚਕਾਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇਕ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਸਮੇਤ 8 ਕਾਰ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਵਲੋਂ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਉਣ ਗਿਆ , ਜਿੱਥੇ ਐੱਸਐੱਮਓ ਕਰਨ ਸੈਣੀ ਨੇ ਦੋ ਲੋਕਾਂ ਨੂੰ ਗੰਭੀਰ ਹਾਲਤ ਹੋਣ ਕਰਕੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਾਸੀ ਪੁਰਹੀਰਾਂ ਹੁਸ਼ਿਆਰਪੁਰ ਵਜੋਂ ਹੋਈ, ਜਦਕਿ ਜ਼ਖਮੀਆਂ ਵਿੱਚ ਪੁਲਸ ਇੰਸਪੈਕਟਰ ਰਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ , ਪੁੱਤਰ ਵਿਵੇਕ, ਪਤਨੀ ਪਵਿੱਤਰਾ, ਬੇਟੀ ਵੰਦਨਾ ਅਤੇ ਨੂੰਹ ਆਂਚਲ ਵਾਸੀ ਸੰਗਮ ਵਿਹਾਰ ਮੇਰਠ ਉੱਤਰ ਪ੍ਰਦੇਸ਼ ਜਦਕਿ ਦੂਜੀ ਕਾਰ ਸਵਾਰ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਤੌਰ ਅਤੇ ਚੇਤਨ ਵਾਸੀ ਊਨਾ ਤੇ ਮੋਟਰਸਾਈਕਲ ਸਵਾਰ ਸਵਾਰਦੀਂਨ ਵਾਸੀ ਬੂਰੇ ਜੱਟਾਂ ਵਜੋਂ ਹੋਈ ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਵਕਤ ਕਰੀਬ 4 ਵਜੇ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਪੁਲਿਸ ਇੰਸਪੈਕਟਰ ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਸਨ । ਜਦੋਂ ਉਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਦਾਰਾਪੁਰ ਬਾਈਪਾਸ ਨੇੜੇ ਪੈਟਰੋਲ ਪੰਪ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪ ਸੜਕ ਦੇ ਦੂਜੇ ਪਾਸੇ ਦਸੂਹਾ ਤੋਂ ਜਲੰਧਰ ਵੱਲ ਜਾ ਰਹੀ ਕਾਰ ਅਤੇ ਮੋਟਰਸਾਈਕਲ ਸਵਾਰ ਨਾਲ ਜਾ ਟਕਰਾਈ। ਹਾਦਸਾ ਏਨਾ ਜਬਰਦਸਤ ਸੀ ਕਿ ਕਾਰਾਂ ਦੇ ਪਰਖੱਚੇ ਉੱਡ ਗਏ । ਇਸ ਹਾਦਸੇ ਵਿੱਚ ਕਾਰ ਚਾਲਕ ਪੁਲਿਸ ਇੰਸਪੈਕਟਰ ਰਵਿੰਦਰ ਸਿੰਘ ਉਸ ਦਾ ਪੁੱਤਰ ਵਿਵੇਕ, ਪਤਨੀ ਪਵਿੱਤਰਾ, ਬੇਟੀ ਵੰਦਨਾ ਅਤੇ ਨੂੰਹ ਆਂਚਲ , ਮੋਟਰਸਾਈਕਲ ਸਵਾਰ ਸਵਾਰਦੀਨ , ਦੂਜੀ ਕਾਰ ਸਵਾਰ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਤੌਰ ਅਤੇ ਚੇਤਨ ਵਾਸੀ ਉਨ੍ਹਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦਕਿ ਡਰਾਈਵਰ ਸਤਨਾਮ ਸਿੰਘ ਦੀ ਇਸ ਹਾਦਸੇ ਵਿਚ ਮੌਤ ਹੋ ਗਈ । ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਦੋ ਲੋਕਾਂ ਨੂੰ ਗੰਭੀਰ ਜ਼ਖਮੀ ਹੋਣ ਕਰ ਕੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ ਜ਼ਖ਼ਮੀ ਟਾਂਡਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ । ਹਾਦਸੇ ਦੀ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Shubham Kumar