ਸੁਖਵਿੰਦਰ ਸੁੱਖੀ, ਹੁਸ਼ਿਆਰਪੁਰ : ਕਸਬਾ ਮਾਹਿਲਪੁਰ ਵਾਲੇ ਇਕ ਬਜ਼ੁਰਗ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮਿ੍ਤਕ ਦੀ ਪਛਾਣ ਸੋਹਨ ਲਾਲ (89) ਪੁੱਤਰ ਭਗਤ ਰਾਮ ਵਾਸੀ ਮਾਹਿਲਪੁਰ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੇ ਬੇਟੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ। ਬੀਤੇ ਦਿਨ ਕਿਸੇ ਕੰਮ ਲਈ ਬਾਜ਼ਾਰ ਗਏ ਸਨ ਤੇ ਕਰੀਬ ਅੱਧੇ ਘੰਟੇ ਬਾਅਦ ਕਿਸੇ ਦਾ ਫੋਨ ਆਇਆ ਕਿ ਬਾਜ਼ਾਰ 'ਚ ਉਨ੍ਹਾਂ ਦੇ ਪਿਤਾ ਬੇਹੋਸ਼ੀ ਦੇ ਹਾਲਤ 'ਚ ਪਏ ਹੋਏ ਹਨ। ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਤੇ ਨੇੜੇ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੇ ਕੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਸੋਹਨ ਲਾਲ ਨੇ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਿ੍ਤਕ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ।