ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਦੀ ਪੁਲਿਸ ਨੇ ਇਕ ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰੋਸ਼ਨ ਪੁੱਤਰ ਅਬਦੂਲਾ ਵਾਸੀ ਜਹਾਂਗੀਰ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੇ ਸਬੰਧ 'ਚ ਉਹ ਪੁਲਿਸ ਮੁਲਾਜ਼ਮਾਂ ਨਾਲ ਅੱਡਾ ਸਿੰਬਲੀ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਆਪਣੇ ਕੈਂਟਰ ਪੀਬੀ 11 ਬੀਐੱਫ 5924 ਵਿਚ ਬਾਹਰਲੇ ਸੂਬਿਆਂ 'ਚੋਂ ਡੋਡੇ ਚੂਰਾ ਪੋਸਤ ਲਿਆ ਕੇ ਸਪਲਾਈ ਕਰਦਾ ਹੈ, ਜੋ ਕਿ ਜੰਮੂ ਕਸ਼ਮੀਰ ਤੋਂ ਸੇਬਾਂ ਦੀਆਂ ਪੇਟੀਆਂ ਦੇ ਹੇਠ ਡੋਡੇ ਚੂਰਾ ਪੋਸਤ ਲੁਕਾ ਕੇ ਲਿਆ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਨਾਕੇਬੰਦੀ ਕਰਕੇ ਉਕਤ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ ਇਕ ਕੁਇੰਟਲ (100 ਕਿਲੋਗ੍ਰਾਮ) ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਡੋਡੇ ਚੂਰਾ ਪੋਸਤ ਤੇ ਉਕਤ ਕੈਂਟਰ ਆਪਣੇ ਕਬਜ਼ੇ 'ਚ ਲੈ ਕੇ ਮੁਲਜ਼ਮ ਰੋਸ਼ਨ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।