ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਐੱਮਐੱਲਏ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਨਿਊ ਬੈਂਕ ਕਾਲੋਨੀ ਵਿਖੇ ਉਮੀਦ ਵੈਲਫੇਅਰ ਸੋਸਾਇਟੀ ਨੂੰ ਸਮਾਜ ਭਲਾਈ ਕਾਰਜਾਂ ਲਈ 3 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਕਾਰਜਾਂ ਪ੍ਰਤੀ ਪੂਰੀ ਸੁਹਿਰਦ ਹੈ ਅਤੇ ਅਜਿਹੇ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਉਮੀਦ ਵੈਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨੂੰ ਚੈਕ ਦੇਣ ਉਪਰੰਤ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਮਾਜਿਕ ਅਤੇ ਲੋਕ ਭਲਾਈ ਦੇ ਕੰਮ ਪੰਜਾਬ ਸਰਕਾਰ ਲਈ ਹਮੇਸ਼ਾਂ ਤਰਜ਼ੀਹੀ ਖੇਤਰ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਸਬੰਧੀ ਸਮੇਂ-ਸਮੇਂ ਸਿਰ ਅਹਿਮ ਫੈਸਲੇ ਲਏ ਗਏ ਹਨ। ਉਨਾਂ੍ਹ ਦੱਸਿਆ ਕਿ ਪੰਜਾਬ ਭਰ ਵਿਚ ਯੂਥ ਅਤੇ ਸਪੋਰਟਸ ਕਲੱਬਾਂ ਨੂੰ ਖੇਡ ਕਿੱਟਾਂ ਦੇਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਹੈ ਤਾਂ ਜੋ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪੇ੍ਰਿਆ ਜਾਵੇ। ਉਨਾਂ੍ਹ ਕਿਹਾ ਕਿ ਲੋਕ ਭਲਾਈ ਕਾਰਜਾਂ ਵਿਚ ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਦੀ ਰਕਮ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਅਤੇ ਮਾਸਿਕ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਕਮ ਨੂੰ 750 ਰੁਪਏ ਤੋਂ 1500 ਰੁਪਏ ਕੀਤਾ ਗਿਆ ਹੈ। ਇਸੇ ਤਰਾਂ੍ਹ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨਾਂ੍ਹ ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿਚ ਲੋਕ ਭਲਾਈ ਕਾਰਜਾਂ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਤਜਿੰਦਰ ਸਿੰਘ ਸਰਪੰਚ, ਮਾਸਟਰ ਜੈ ਰਾਮ, ਪ੍ਰਵੀਨ ਪਾਠਕ, ਪੰਚ ਪੰਕਜ ਕੁਮਾਰ, ਪੰਚ ਪੰਕਜ ਮੋਹਨ, ਮੁਕੇਸ਼ ਕੁਮਾਰ, ਦੇਵ ਕੁਮਾਰ ਆਦਿ ਮੌਜੂਦ ਸਨ।