ਸਤਨਾਮ ਲੋਈ, ਮਾਹਿਲਪੁਰ : ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਿਟਾਇਰਡ ਈਟੀਓ ਪੀਸੀ ਪਾਲ ਦੀ ਪੁੱਤਰੀ ਨੀਤੀ ਪਾਲ ਨੇ ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਡਾਇਰੈਕਟਰ ਦਾ ਅਹੁਦਾ ਹਾਸਿਲ ਕਰਕੇ ਭਾਰਤੀ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਸ ਨੇ ਇਹ ਅਹੁਦਾ ਲੰਡਨ ਤੋਂ ਐੱਮਬੀਏ ਕਰਨ ਉਪਰੰਤ ਬੜੀ ਕਠਿਨ ਮਿਹਨਤ ਤੋਂ ਬਾਅਦ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਬੀਬੀਸੀ 'ਚ ਉੱਚ ਅਹੁਦੇ 'ਤੇ ਕੰਮ ਕਰ ਚੁਕੀ ਹੈ। ਹੁਣ ਉਸ ਨੇ 'ਮਾਸਟਰਕਾਰਡ ਇੰਨ ਇਨੋਵੇਸ਼ਨ ਰੀਸਰਚ' ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਹੈ। ਇਹ ਜਾਣਕਾਰੀ ਉਸ ਦੀ ਮਾਤਾ ਮੁਹਿੰਦਰ ਕੌਰ ਤੇ ਪਿਤਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਚਪਨ ਤੋਂ ਹੀ ਮੁੰਡਿਆਂ ਵਾਂਗ ਬੁਲੰਦ ਹੌਸਲੇ ਵਾਲੀ ਤੇ ਸਿਰੜ ਨਾਲ ਮਿਹਨਤ ਕਰਦੀ ਰਹੀ ਹੈ। ਉਸ ਨੇ ਦੋਆਬਾ ਪਬਲਿਕ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਾਰੀਆਂ ਡਿਗਰੀਆਂ ਪਹਿਲੇ ਦਰਜੇ 'ਚ ਵਿਲੱਖਣਤਾ ਨਾਲ ਪ੍ਰਾਪਤ ਕੀਤੀਆਂ। ਇਸ ਮੌਕੇ ਉਸ ਨੂੰ ਵਧਾਈ ਦਿੰਦਿਆਂ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਦੇ ਪ੍ਰਧਾਨ ਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਕੰਢੀ ਇਲਾਕੇ ਦੇ ਪਿਛੜੇ ਪਿੰਡ ਮੈਲੀ 'ਚ ਜਨਮ ਲੈ ਕਿ ਲੰਡਨ 'ਚ ਇਹ ਪ੍ਰਾਪਤੀ ਕਰਨੀ ਸਮੁੱਚੇ ਭਾਰਤੀਆਂ ਤੇ ਖਾਸ ਕਰ ਪੰਜਾਬੀਆਂ ਲਈ ਬੜੇ ਫਖ਼ਰ ਵਾਲੀ ਗੱਲ ਹੈ। ਸਾਡੀਆਂ ਧੀਆਂ ਸਾਡਾ ਮਾਣ ਵਧਾ ਰਹੀਆਂ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨੀਤੀ ਦਾ ਭਰਾ ਨੀਰਜ ਪਾਲ ਵੀ ਆਸਟ੍ਰੇਲੀਆ 'ਚ ਕਲਾਸ ਵੰਨ ਅਹੁਦੇ 'ਤੇ ਕਾਰਜ ਕਰ ਰਿਹਾ ਹੈ। ਨੀਤੀ ਪਾਲ ਤੇ ਉਸ ਦੇ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦੇਣ ਵਾਲਿਆਂ 'ਚ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ, ਗੜ੍ਹਸ਼ੰਕਰ ਦੇ ਐੱਮਐੱਲਏ ਜੈ ਕ੍ਰਿਸ਼ਨ ਸਿੰਘ ਰੌੜੀ, ਦੋਆਬਾ ਪਬਲਿਕ ਸਕੂਲ ਦੇ ਐੱਮਡੀ ਹਰਜਿੰਦਰ ਸਿੰਘ ਗਿੱਲ, ਡਾ. ਪਰਵਿੰਦਰ ਸਿੰਘ, ਚਿੰਤਕ ਵਿਜੈ ਬੰਬੇਲੀ, ਪ੍ਰਿੰ. ਹਰਵਿੰਦਰ ਕੌਰ, ਪ੍ਰਿੰ. ਸਤਿੰਦਰ ਕੌਰ ਢਿੱਲੋਂ, ਪ੍ਰਿੰ. ਧਰਮਿੰਦਰ ਸ਼ਰਮਾ, ਪ੍ਰਿੰ. ਮਨਜੀਤ ਕੌਰ ਤੇ ਬੱਗਾ ਸਿੰਘ ਆਰਟਿਸਟ ਆਦਿ ਵਿੱਦਿਅਕ, ਸਾਹਿਤਕ, ਸਭਿਆਚਾਰਕ, ਸਮਾਜਿਕ ਤੇ ਰਾਜਸੀ ਸ਼ਖ਼ਸ਼ੀਅਤਾਂ ਸ਼ਾਮਿਲ ਹਨ।

Posted By: Ramanjit Kaur