ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਸਤੇ ਪਾਕਿਸਤਾਨ ਜਾਣ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਆਗਿਆ ਲੈਣ ਲਈ ਭੇਜਿਆ ਗਿਆ ਪੱਤਰ ਜ਼ਰੂਰੀ ਕਾਰਵਾਈ ਲਈ ਮੁੱਖ ਸਕੱਤਰ ਕੋਲ ਭੇਜ ਦਿੱਤਾ ਹੈ।

ਇਹ ਪ੍ਰਗਟਾਵਾ ਕਰਦੇ ਹੋਏ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਹ ਪੱਤਰ ਸ਼ਨਿਚਰਵਾਰ ਸਵੇਰੇ ਮਿਲਿਆ ਤੇ ਉਨ੍ਹਾਂ ਨੇ ਤੁਰੰਤ ਹੀ ਇਹ ਪੱਤਰ ਸੂਬੇ ਦੇ ਮੁੱਖ ਸਕੱਤਰ ਕੋਲ ਭੇਜ ਦਿੱਤਾ।

ਮੁੱਖ ਮੰਤਰੀ ਨੇ ਬਾਅਦ 'ਚ ਇਕ ਗ਼ੈਰ-ਰਸਮੀ ਗੱਲਬਾਤ ਦੌਰਾਨ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ 9 ਨਵੰਬਰ ਨੂੰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਇਕ ਸਰਬ ਪਾਰਟੀ ਜੱਥੇ ਨੂੰ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਆਪਣੇ ਜ਼ਿਲ੍ਹਿਆਂ 'ਚ ਸਾਰੇ ਵਿਧਿਆਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਹ ਮਾਮਲਾ ਸਿੱਧੂ ਦੇ ਧਿਆਨ 'ਚ ਲਿਆਂਦਾ ਹੈ ਪਰ ਉਹ ਇਸ ਸਬੰਧ 'ਚ ਹੁੰਗਾਰਾ ਭਰਨ ਤੋਂ ਅਸਫਲ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਹੋਰ ਵਿਧਾਇਕ ਵੀ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦਾ ਸਿਆਸੀਕਰਨ ਕਰਨ ਲਈ ਤਿੱਖੀ ਅਲੋਚਨਾ ਕੀਤੀ ਜੋ ਕਿ ਸਿੱਖ ਮੱਤ ਦੇ ਮਹਾਨ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੈ ਤੇ ਜਿਨ੍ਹਾਂ ਦਾ ਅਸੀਂ ਇਸ ਸਾਲ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਮੁੱਦੇ ਦਾ ਸੌੜੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸਿਆਸਤ ਨੂੰ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ ਅਤੇ ਇਹ ਮਹਾਨ ਸਮਾਰੋਹ ਕਰਨ ਦਾ ਕੰਮ ਸੂਬਾ ਸਰਕਾਰ 'ਤੇ ਛੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਪਿਛਲੇ ਮੌਕਿਆਂ ਦੌਰਾਨ ਅਜਿਹਾ ਅਮਲ ਚਲਦਾ ਆ ਰਿਹਾ ਸੀ।

ਲਾਂਘੇ ਨੂੰ ਖੋਲ੍ਹਣਾ ਆਈਐੱਸਆਈ ਦਾ ਹੋ ਸਕਦਾ ਆਪ੍ਰੇਸ਼ਨ-ਕਾਰਜ

ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਸਿੱਖਾਂ ਵਾਂਗ ਉਹ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ 'ਚ ਨਤਮਸਤਕ ਹੋਣ ਦਾ ਸੋਚ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਅਰਦਾਸ ਦਾ ਹਮੇਸ਼ਾਂ ਹੀ ਹਿੱਸਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਮਨਸ਼ਾ ਉਤੇ ਅਜੇ ਵੀ ਸ਼ੱਕ ਹੈ ਤੇ ਲਾਂਘੇ ਨੂੰ ਖੋਲ੍ਹਣਾ ਆਈਐੱਸਆਈ ਦਾ ਆਪ੍ਰੇਸ਼ਨ-ਕਾਰਜ ਹੋ ਸਕਦਾ ਹੈ ਜਿਸ ਦਾ ਉਦੇਸ਼ ਰਾਇਸ਼ੁਮਾਰੀ 2020 ਲਈ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨਾ ਹੈ ਜਿਸ ਨੂੰ ਸਿੱਖ ਫਾਰ ਜਸਟਿਸ (ਐੱਸਐੱਫਜੇ) ਦੇ ਹੇਠ ਬੜ੍ਹਾਵਾ ਦਿੱਤਾ ਜਾ ਰਿਹਾ ਹੈ।

ਪੰਜਾਬ 'ਚ ਆਈਐੱਸਆਈ ਦੀਆਂ ਸਰਗਰਮੀਆਂ 'ਤੇ ਰੱਖੀ ਜਾ ਰਹੀ ਵਿਸ਼ੇਸ਼ ਨਜ਼ਰ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸਰਗਰਮ ਤੇ ਚੌਕਸ ਹਾਂ। ਉਨ੍ਹਾਂ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਵਿਰੁੱਧ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਕਿਉਂਕਿ ਹਾਲ ਹੀ ਦੇ ਸਮਿਆਂ ਦੌਰਾਨ ਪੰਜਾਬ 'ਚ ਆਈਐੱਸਆਈ ਦੀਆਂ ਸਰਗਰਮੀਆਂ ਵਿਸ਼ੇਸ਼ ਤੌਰ 'ਤੇ ਨੋਟ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ।

ਖ਼ਰਾਬ ਮੌਸਮ ਕਾਰਨ ਨਹੀਂ ਪਹੁੰਚੇ ਮੁੱਖ ਮੰਤਰੀ ਹੁਸ਼ਿਆਰਪੁਰ

ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਹੁਸ਼ਿਆਰਪੁਰ ਰਾਈਟਰਜ਼ ਫੈਸਟੀਵਲ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਕਿਹਾ ਕਿ 2020 ਰਾਇਸ਼ੁਮਾਰੀ ਸੌੜੇ ਸਿਆਸੀ ਹਿੱਤਾਂ ਲਈ ਸਿੱਖ ਭਾਈਚਾਰੇ ਨੂੰ ਵੰਡਣ ਦੀ ਆਈਐੱਸਆਈ ਦੀ ਕੋਸ਼ਿਸ਼ ਹੈ। ਖਰਾਬ ਮੌਸਮ ਦੇ ਕਾਰਨ ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਉੱਡਣ ਦੀ ਆਗਿਆ ਨਾ ਮਿਲਣ ਕਰਕੇ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਕੀਤੀ।

ਉਘੇ ਟੀਵੀ ਪੱਤਰਕਾਰ ਵੀਰ ਸਿੰਘ ਵੀ ਦੇ ਮੇਜ਼ਬਾਨੀ ਮੌਕੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਵਿਆਪੀ ਭਾਈਚਾਰੇ ਦੇ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸਾਰੇ ਧਾਰਮਿਕ ਸ਼ਰਧਾਲੂਆਂ ਦੀ 20 ਡਾਲਰ ਫੀਸ ਮਾਫ ਕਰਨ ਦੀ ਮੰਗ ਦੁਹਰਾਈ ਨਾ ਕਿ ਇਕੱਲੇ ਸਿੱਖਾਂ ਦੀ।

ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਦੀ ਕਿਤਾਬ ਪੰਜਾਬੀ 'ਚ ਕੀਤੀ ਰਿਲੀਜ਼

'ਕੈਪਟਨ ਅਮਰਿੰਦਰ ਸਿੰਘ- ਦਿ ਪੀਪਲਜ਼ ਮਹਾਰਾਜਾ' ਜੀਵਨੀ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਸਹਿਮਤੀ ਪ੍ਰਗਟਾਈ ਕਿ ਫੌਜ ਬਲਿਊ ਸਟਾਰ ਆਪ੍ਰੇਸ਼ਨ ਨਾਲ ਵਧੀਆ ਤਰੀਕੇ ਨਾਲ ਨਿਪਟ ਸਕਦੀ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ 'ਚ ਉਹ ਸਮਾਂ ਬਹੁਤ ਹੀ ਹੌਲਨਾਕ ਸੀ ਅਤੇ ਇਸ ਆਪ੍ਰੇਸ਼ਨ ਦੇ ਨਾਲ ਨਿਪਟਨ ਦੇ ਸਬੰਧ 'ਚ ਅਧਿਕਾਰੀਆਂ 'ਚ ਵੀ ਬਹੁਤ ਜ਼ਿਆਦਾ ਭੰਬਲਭੂਸਾ ਸੀ। ਆਪਣੇ ਤਿੱਖੇ ਸਿਆਸੀ ਅਤੇ ਨਿੱਜੀ ਸੰਘਰਸ਼ ਚੋਂ ਨਿੱਕਲਣ ਲਈ ਆਪਣੇ ਫੌਜੀ ਤਜਰਬਿਆਂ ਨੂੰ ਲਾਹੇਵੰਦ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਗੁਣ ਉਨ੍ਹਾਂ ਨੇ ਫੌਜੀ ਸੇਵਾ ਦੌਰਾਨ ਲਏ ਸਨ ਉਹ ਹਮੇਸ਼ਾ ਹੀ ਉਨ੍ਹਾਂ ਲਈ ਕੰਮ ਆਏ।

ਮੋਦੀ ਦੀ ਜ਼ਬਰਦਸਤ ਲਹਿਰ ਦੌਰਾਨ ਸਾਲ 2017 ਦੀਆਂ ਚੋਣਾਂ ਜਿੱਤਣ ਅਤੇ ਹਾਲ ਹੀ ਦੀਆਂ ਉੱਪ ਚੋਣਾਂ 'ਚ ਜਿੱਤ ਹਾਸਲ ਕਰਨ ਦੇ ਭੇਦਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਅਤੇ ਭਰੋਸਾ ਜਿੱਤਣ ਲਈ ਕਾਰਾਗੁਜਾਰੀ ਹੀ ਮੰਤਰ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਦੀ ਕਿਤਾਬ ਪੰਜਾਬੀ 'ਚ ਵੀ ਰਿਲੀਜ਼ ਕੀਤੀ ਗਈ।

Posted By: Jagjit Singh