ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਦੁਸਹਿਰੇ ਵਾਲੇ ਦਿਨ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਤਿੰਨ ਧੀਆਂ ਦੀ ਮਾਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਸਰਬਜੀਤ ਕੌਰ ਦੇ ਪਿਤਾ ਮਹਿੰਦਰ ਲਾਲ ਨੇ ਦੱਸਿਆ ਕਿ ਉਸ ਦੀ ਧੀ ਦਾ ਸੱਤ ਸਾਲ ਪਹਿਲਾ ਕੁਲਵੰਤ ਰਾਏ ਵਾਸੀ ਪਿੰਡ ਬੰਜਰਬਾਗ ਨਾਲ ਵਿਆਹ ਹੋਇਆ ਸੀ। ਉਸ ਦਾ ਜਵਾਈ ਪੇਂਟਰ ਦਾ ਕੰਮ ਕਰਦਾ , ਜੋ ਕਿ ਸ਼ਰਾਬ ਪੀਣ ਦਾ ਆਦੀ ਹੈ ਤੇ ਉਸ ਦੀ ਧੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਮਹਿੰਦਰ ਲਾਲ ਵਾਸੀ ਸਟਿਆਨਾ ਨੇ ਦੱਸਿਆ ਕਿ ਮੰਗਲਵਾਰ ਉਸ ਨੂੰ ਉਸ ਦੀ ਧੀ ਦੇ ਗੁਆਂਢੀਆਂ ਨੇ 12 ਵਜੇ ਦੇ ਕਰੀਬ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਉਹ ਤੜਫ਼ ਰਹੀ ਹੈ।

ਉਹ ਤੁਰੰਤ ਮੌਕੇ 'ਤੇ ਪਹੁੰਚ ਗਿਆ ਤੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰੱਖ ਲਈ ਹੈ ਤੇ ਬੁੱਧਵਾਰ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ।

ਤਿੰਨ ਧੀਆਂ ਹੋਣ ਕਰਕੇ ਸਹੁਰਾ ਪਰਿਵਾਰ ਕਰਦਾ ਸੀ ਤੰਗ

ਇਸ ਮੌਕੇ ਜਾਣਕਾਰੀ ਦਿੰਦਿਆਂ ਮਿ੍ਤਕਾ ਦੇ ਪਿਤਾ ਮਹਿੰਦਰ ਲਾਲ ਨੇ ਦੱਸਿਆ ਕਿ ਉਸ ਦੀ ਧੀ ਦੀਆਂ ਤਿੰਨ ਧੀਆਂ ਸੀ, ਜਿਨ੍ਹਾਂ 'ਚੋਂ ਉਸ ਨੇ ਇਕ ਧੀ ਨੂੰ ਡੇਢ ਮਹੀਨੇ ਪਹਿਲਾ ਜਨਮ ਦਿੱਤਾ ਸੀ, ਜਿਸ ਨੂੰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਗੋਦ ਲੈ ਲਿਆ ਸੀ।

ਤਿੰਨ ਧੀਆਂ ਹੋਣ ਕਰਕੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਚੰਗਾ ਨਹੀਂ ਸੀ ਸਮਝਦਾ ਤੇ ਉਸ ਨਾਲ ਬੁਰਾ ਵਿਹਾਰ ਕਰਦੇ ਸਨ। ਉਸ ਦਾ ਪਤੀ ਵੀ ਸ਼ਰਾਬ ਪੀਣ ਤੋਂ ਬਾਅਦ ਉਸ ਨਾਲ ਕੁੱਟ ਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਸਹੁਰਾ ਪਰਿਵਾਰ ਖ਼ਿਲਾਫ਼ ਕੀਤਾ ਮਾਮਲਾ ਦਰਜ

ਥਾਣਾ ਸਦਰ ਦੇ ਏਐੱਸਆਈ ਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਮਹਿੰਦਰ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਮਿ੍ਤਕਾ ਦੇ ਪਤੀ ਕੁਲਵੰਤ ਰਾਏ, ਸੱਸ ਬਿਮਲਾ ਦੇਵੀ ਤੇ ਦਿਓਰ ਰਾਕੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ।