ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਕੇਂਦਰੀ ਲੇਖਕ ਸਭਾ ਸੇਖੋਂ, ਸਾਹਿਤ ਸਭਾਵਾਂ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤੇ ਜਨਤਕ ਜਥੇਬੰਦੀਆਂ ਦੀ ਇਕ ਹੰਗਾਮੀ ਇਕੱਤਰਤਾ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਖੇ ਪ੍ਰਰੋ. ਸੰਧੂ ਵਰਿਆਣਵੀਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਮਾਸਟਰ ਮੁਕੇਸ਼ ਗੁਜਰਾਤੀ, ਸੋਹਣ ਸਿੰਘ ਸੁੰਨੀ, ਅਮਰੀਕ ਹਮਰਾਜ਼ ਅਤੇ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ਵਿਖੇ ਹਿੰਦੀ ਭਾਸ਼ਾ ਦਿਵਸ ਦੌਰਾਨ ਡਾਕਟਰ ਤੇਜਵੰਤ ਸਿੰਘ ਮਾਨ ਪ੍ਰਧਾਨ ਕੇਂਦਰੀ ਲੇਖਕ ਸਭਾ ਪੰਜਾਬ ਨਾਲ ਹੋਏ ਦੁਰਵਿਹਾਰ ਦੀ ਸਖ਼ਤ ਨਿੰਦਾ ਕਰਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਆਗੂਆਂ ਨੇ ਹਿੰਦੂ, ਹਿੰਦੀ ਅਤੇ ਹਿੰਦੋਸਤਾਨ ਦੇ ਸਿਧਾਂਤ ਨੂੰ ਪੰਜਾਬ 'ਚ ਤੁਰੰਤ ਰੋਕਣ, ਸਰਕਾਰੀ ਅਦਾਰਿਆਂ, ਵਿਦਿਅਕ ਸੰਸਥਾਵਾਂ ਤੇ ਸੱਭਿਆਚਾਰਕ ਅਦਾਰਿਆਂ 'ਚ ਅਜਿਹੀ ਫਿਰਕੂ ਸੋਚ ਦੀ ਘੁਸਪੈਠ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਤੌਹੀਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਿੰਦੀ ਦਿਵਸ ਦੌਰਾਨ ਹੁਕਮ ਸਿੰਘ ਰਾਜਪਾਲ ਵਲੋਂ ਦਿੱਤੀ ਇਹ ਧਮਕੀ ਕਿ ਦੋ ਸਾਲਾਂ 'ਚ ਪਤਾ ਲੱਗ ਜਾਵੇਗਾ ਕਿ ਹਿੰਦੀ ਕੀ ਹੈ, ਉਸ ਦੀ ਫਿਰਕੂ ਸੋਚ ਨੂੰ ਕਬੂਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਕਰਮਵੀਰ ਕੌਰ ਦੇ ਵਿਵਹਾਰ ਤੇ ਪਿਛਲੇ ਪੰਜ ਸਾਲ ਤੋਂ ਪੰਜਾਬੀ ਭਾਸ਼ਾ ਦਿਵਸ ਨਾ ਮਨਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਭਾਸ਼ਾ ਨਾਲ ਵਿਰੋਧ ਨਹੀਂ ਪਰ ਮਾਂ ਬੋਲੀ ਦੀ ਤੌਹੀਨ ਸਹਿਣ ਨਹੀਂ ਕਰਾਂਗੇ। ਇਸ ਮੌਕੇ ਪਰਮਜੀਤ ਕਾਹਮਾ, ਅਜਮੇਰ ਸਿੱਧੂ, ਸਰਵਣ ਸਿੱਧੂ, ਜਸਵੀਰ ਬੇਗ਼ਮਪੁਰੀ, ਕੰਵਲਜੀਤ ਕੰਵਰ, ਹਰਬੰਸ ਹੀਓਂ, ਰੇਸ਼ਮ ਚਿੱਤਰਕਾਰ, ਸ਼ਾਮ ਸੁੰਦਰ, ਸਤਪਾਲ ਸਾਹਲੋ, ਹੰਸ ਰਾਜ, ਸੁਖਦੇਵ ਡਾਨਸੀਵਾਲ, ਬਸ਼ੀਰ ਗੁੱਲ, ਮਨਜੀਤ ਬੰਗਾ, ਜਸਪਾਲ ਸ਼ੌਂਕੀ, ਬਲਜਿੰਦਰ ਮਾਨ ਆਦਿ ਹਾਜ਼ਰ ਸਨ ।