ਸੁਰਿੰਦਰ ਢਿੱਲੋਂ, ਟਾਂਂਡਾ ਉੜਮੁੜ : ਸੋਮਵਾਰ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਦੀ ਦਾਰਾਪੁਰ ਬਾਈਪਾਸ ਸਰਵਿਸ ਲੇਨ 'ਤੇ ਪੈਟਰੋਲ ਪੰਪ ਨੇੜੇ ਇਕ ਤੇਜ਼ ਰਫਤਾਰ ਬੇਕਾਬੂ ਕਾਰ ਦੀ ਲਪੇਟ 'ਚ ਅਉਣ ਕਾਰਨ ਵਾਪਰੇ ਦਰਦਨਾਕ ਹਾਦਸੇ 'ਚ ਸਕੂਟਰੀ ਸਵਾਰ ਮਾਂ-ਧੀ ਦੀ ਮੌਤ ਹੋ ਗਈ। ਹਾਦਸਾ ਏਨਾ ਜ਼ਬਰਦਸਤ ਸੀ ਕਿ ਕਾਰ ਦੋ ਪਲਟੀਆਂ ਖਾਣ ਤੋਂ ਬਾਅਦ ਸੜਕ ਕਿਨਾਰੇ ਦੁਕਾਨਾਂ 'ਚ ਜਾ ਵੱਜੀ। ਮ੍ਰਿਤਕ ਔਰਤ ਦੀ ਪਛਾਣ ਸੰਗੀਤਾ ਵਿਧਵਾ ਕਮਲ ਕੁਮਾਰ ਉਮਰ ਕਰੀਬ 45-50 ਸਾਲ ਤੇ ਲੜਕੀ ਪ੍ਰਿਆ ਉਮਰ 18/19 ਸਾਲ ਵਾਸੀ ਖੁੱਡਾ ਵਜੋਂ ਹੋਈ ਜਦਕਿ ਕਾਰ ਚਾਲਕ ਮੌਕੇ 'ਤੇ ਭੱਜਣ 'ਚ ਸਫਲ ਹੋ ਗਿਆ।

ਜਾਣਕਾਰੀ ਅਨੁਸਾਰ ਪ੍ਰਿਆ ਤੇ ਉਸ ਦੀ ਮਾਤਾ ਸਕੂਟਰੀ 'ਤੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ 'ਤੇ ਟਾਂਂਡਾ ਤੋਂ ਵਾਪਸ ਪਿੰਡ ਖੁੱਡਾ ਜਾ ਰਹੀਆਂ ਸਨ। ਜਦੋਂ ਉਹ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਪਹੁੰਚੀਆਂ ਤਾਂ ਸਾਹਮਣਿਓਂ ਇਕ ਤੇਜ਼ ਰਫਤਾਰ ਬੇਕਾਬੂ ਕਾਰ ਦੀ ਲਪੇਟ 'ਚ ਆ ਗਈਆਂ ਜਿਸ ਕਾਰਨ ਸੰਗੀਤਾ ਦੇਵੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਲੜਕੀ ਪ੍ਰਿਆ ਦੀ ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਸਰਕਾਰੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ ਮਾਲਕ ਲਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਹਰਸੀ ਪਿੰਡ ਕਾਲੋਨੀ ਨੇ ਦੱਸਿਆ ਕਿ ਉਸ ਦੀ ਮਾਤਾ ਕਮਲਾ ਦੇਵੀ ਬੀਡੀਪੀਓ ਦਫਤਰ ਵਿਖੇ ਨੌਕਰੀ ਕਰਦੀ ਹੈ ਤੇ ਅਸੀਂ ਇਕ ਕਾਰ ਬਲੈਨੋ ਮਾਤਾ ਕਮਲਾ ਦੇਵੀ ਦੇ ਨਾਂ 'ਤੇ ਖਰੀਦੀ ਸੀ।

ਸੋਮਵਾਰ ਸਵੇਰੇ ਲਖਵਿੰਦਰ ਨੇ ਕਾਰ ਵਾਸ਼ਿੰਗ ਲਈ ਅਮਨ ਸਰਵਿਸ ਸਟੇਸ਼ਨ ਦੇ ਦਿੱਤੀ ਸੀ। ਕਾਰ ਸਰਵਿਸ ਸਟੇਸ਼ਨ ਮਾਲਕ ਨੇ ਕਿਹਾ ਕਿ ਗੱਡੀ ਵਾਸ਼ਿੰਗ ਕਰਕੇ ਘਰ ਪਹੁੰਚਾ ਦਿੱਤੀ ਜਾਵੇਗੀ। ਗੱਡੀ ਵਾਸ਼ਿੰਗ ਕਰਨ ਤੋਂ ਬਾਅਦ ਕਾਰ ਸਰਵਿਸ ਸਟੇਸ਼ਨ ਦੇ ਮਾਲਕ ਨੇ ਆਪਣੇ ਕਰਿੰਦੇ ਨੂੰ ਘਰ ਪਹੁੰਚਾਉਣ ਲਈ ਭੇਜ ਦਿੱਤਾ ਪਰ ਉਹ ਲੌਂਗ ਡਰਾਈਵ ਦੇ ਚੱਕਰ 'ਚ ਕਾਰ ਲੈ ਕੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦਸੂਹਾ ਵੱਲ ਚਲਾ ਗਿਆ ਤੇ ਵਾਪਸ ਅਉਂਦੇ ਸਮੇਂ ਕਾਰ ਹਾਦਸਾਗ੍ਰਸਤ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਗੀਤਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਕ ਲੜਕਾ ਸਾਹਿਲ ਕੁਮਾਰ ਉਰਫ ਲੱਕੀ ਪਿਛਲੇ ਤਿੰਨ ਸਾਲ ਤੋਂ ਵਿਦੇਸ਼ ਇਟਲੀ ਰਹਿੰਦਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਟਾਂਂਡਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਮਾਂ ਧੀ ਦੀਆਂ ਲਾਸ਼ਾ ਕਬਜ਼ੇ 'ਚ ਲੈ ਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Posted By: Seema Anand