ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਕੇਂਦਰੀ ਜੇਲ੍ਹ 'ਚ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਦੋ ਕੈਦੀਆਂ ਕੋਲੋਂ 290 ਨਸ਼ੇ ਦੀਆਂ ਗੋਲ਼ੀਆਂ, ਮੋਬਾਈਲ ਫੋਨ ਤੇ ਸਿੰਮ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਦੀ ਪਛਾਣ ਜਗਦੀਸ਼ ਪੁੱਤਰ ਗਿਆਨ ਚੰਦ ਵਾਸੀ ਪਿੰਡ ਭਾਰੋਵਾਲ ਥਾਣਾ ਮਾਹਿਲਪੁਰ ਅਤੇ ਜਗਤਾਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਕਾਲੋਨੀ ਝਗਰਾ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਥਾਣਾ ਸਿਟੀ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇਸ਼ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੇਸ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਕਰੀਬ ਸਾਢੇ 6 ਵਜੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਦੀ ਨਿਗਰਾਨੀ 'ਚ ਬੈਰਕ ਨੰਬਰ 22 ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਕੈਦੀ ਜਗਦੀਸ਼ ਕੋਲੋਂ 290 ਨਸ਼ੇ ਦੀਆਂ ਗੋਲ਼ੀਆਂ ਬਰਾਮਦ ਹੋਈਆਂ, ਜਦਕਿ ਕੈਦੀ ਜਗਤਾਰ ਸਿੰਘ ਕੋਲੋਂ ਮੋਬਾਈਲ ਫੋਨ ਤੇ ਸਿੰਮ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।