ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਭਾਰਤ ਨਿਰਮਾਣ-ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਆਗੂਆਂ ਵੱਲੋਂ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕਿਰਤ ਕਮਿਸ਼ਨਰ ਪੰਜਾਬ ਨੂੰ ਮੰਗ-ਪੱਤਰ ਦਿੱਤਾ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਭਲਾਈ ਸਕੀਮਾਂ ਬਾਰੇ ਮਿਸਤਰੀਆਂ ਦੇ ਫਾਰਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਅਜੇ ਤਕ ਉਨ੍ਹਾਂ ਨੂੰ ਭਲਾਈ ਸਕੀਮਾਂ ਦਾ ਕੋਈ ਲਾਭ ਨਹੀਂ ਮਿਲਿਆ ਹੈ। ਨਾ ਹੀ ਕੋਈ ਪੈਮੇਟ ਹੋਈ ਹੈ ਤੇ ਨਾ ਹੀ ਜ਼ਿਲ੍ਹੇ ਦੇ ਤਹਿਸੀਲ ਲੇਬਰ ਦਫਤਰਾਂ 'ਚ ਕੋਈ ਕੰਮ ਹੀ ਹੋਇਆ ਹੈ। ਕਿਰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਾਨਾਪੂਰਤੀ ਕਰ ਕੇ ਹੀ ਟਾਈਮ ਪਾਸ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹਜ਼ਾਰਾਂ ਕਿਰਤੀਆਂ ਨੂੰ ਇਨ੍ਹਾਂ ਦਫਤਰਾਂ 'ਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਸਾਰੀ ਕਿਰਤੀਆਂ ਦੀਆਂ ਮੰਗਾਂ ਸੰਬਧੀ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਬਢੋਆਣਾ, ਮਨਜੀਤ ਕੌਰ, ਸੁਖਵਿੰਦਰ ਕੌਰ, ਗੰਗਾ ਪ੍ਰਸ਼ਾਦ ਤੇ ਕੇਵਲ ਸਿੰਘ ਹਜ਼ਾਰਾ ਜਰਨਲ ਸਕੱਤਰ, ਨੱਛਤਰ ਸਿੰਘ ਸੂਬਾ ਪ੍ਰਧਾਨ, ਰਣਧੀਰ ਸਿੰਘ, ਧਰਮਪਾਲ ਸਿੰਘ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਸਕੀਮਾਂ ਦੇ ਫਾਰਮ ਜਮ੍ਹਾ ਹੋਏ ਹਨ, ਪਰ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੈਮੇਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਗਨ ਸਕੀਮ 'ਚ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਲਗਾ ਕੇ ਇਸ ਸਕੀਮ ਤੋਂ ਕਿਰਤੀਆਂ ਨੂੰ ਵਾਂਝੇ ਕਰ ਦਿੱਤਾ ਹੈ। ਜਿਸ ਕਾਰਨ ਮਜਦੂਰ ਇਹ ਸਹੂਲਤ ਦੇ ਨੇੜੇ ਹੋਣ ਦੀ ਬਜਾਏ ਸਗੋਂ ਹੋਰ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਇਸ ਬੇਲੋੜੀ ਸ਼ਰਤ ਨੂੰ ਹਟਾਏ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਧਿਆਨ ਨਾ ਦਿੱਤਾ ਤਾਂ ਸੜਕਾਂ 'ਤੇ ਉੱਤਰ ਕੇ ਸਰਕਾਰ ਦਾ ਤਿੱਖਾ ਵਿਰੋਧ ਕਰਨ ਲਈ ਮਜਬੂਰ ਹੋਣਗੇ ।