ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸੋਮਵਾਰ ਨੂੰ ਸਿਆਚਿਨ ਵਿਚ ਬਰਫ਼ ਦੇ ਤੋਦੇ ਦੀ ਲਪੇਟ 'ਚ ਆਉਣ ਕਾਰਨ ਮੁਕੇਰੀਆਂ ਹਲਕੇ ਦਾ ਪਿੰਡ ਸੈਦੋ ਨੌਸ਼ਹਿਰਾ ਦਾ ਫੌਜ ਦਾ ਜਵਾਨ ਡਿੰਪਲ ਕੁਮਾਰ ਸ਼ਹੀਦ ਹੋ ਗਿਆ ਸੀ। ਬੁੱਧਵਾਰ ਬਾਅਦ ਦੁਪਹਿਰ ਸ਼ਹੀਦ ਡਿੰਪਲ ਕੁਮਾਰ ਦੀ ਮਿ੍ਤਕ ਦੇਹ ਉਸਦੇ ਜੱਦੀ ਪਿੰਡ ਸੈਦੋ ਨੌਸ਼ਹਿਰਾ ਪਹੁੰਚਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।

ਸ਼ਹੀਦ ਡਿੰਪਲ ਕੁਮਾਰ ਭਾਰਤੀ ਫ਼ੌਜ ਵਿਚ ਕਰੀਬ ਡੇਢ ਸਾਲ ਪਹਿਲਾਂ ਹੀ ਭਰਤੀ ਹੋਇਆ ਸੀ ਅਤੇ ਟ੍ਰੇਨਿੰਗ ਉਪਰੰਤ ਪਹਿਲੀ ਹੀ ਵਾਰ ਸਿਆਚਿਨ ਗਲੇਸ਼ੀਅਰ ਖੇਤਰ ਵਿਚ ਆਪਣੀ ਡਿਊਟੀ 'ਤੇ ਤਾਇਨਾਤ ਹੋਇਆ ਸੀ।

ਸ਼ਹੀਦ ਦੇ ਪਿਤਾ ਜਗਜੀਤ ਸਿੰਘ ਸੀਆਰਪੀਐੱਫ ਵਿਚ ਤਾਇਨਾਤ ਹਨ, ਜਦਕਿ ਮਾਤਾ ਪਰਮਿਲਾ ਦੇਵੀ ਘਰੇਲੂ ਔਰਤ ਹਨ। ਉਸਦੀ ਛੋਟੀ ਭੈਣ ਅਤੇ ਭਰਾ ਅਜੇ ਪੜ੍ਹਾਈ ਕਰ ਰਹੇ ਹਨ।

ਪਿੰਡ ਸੈਦੋ ਨੌਸ਼ਹਿਰਾ ਦੇ ਸ਼ਮਸ਼ਾਨਘਾਟ ਵਿਖੇ ਸ਼ਹੀਦ ਡਿੰਪਲ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਡਿੰਪਲ ਦੀ ਚਿਖ਼ਾ ਨੂੰ ਅਗਨੀ ਉਸਦੇ ਭਰਾ ਰਵਿੰਦਰ ਕੁਮਾਰ ਨੇ ਵਿਖਾਈ। ਇਸ ਮੌਕੇ ਰਵਿੰਦਰ ਨੇ ਆਪਣੇ ਭਰਾ ਸ਼ਹੀਦ ਡਿੰਪਲ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਡਿੰਪਲ ਨੂੰ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡਿੰਪਲ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਹ ਨੇਕ ਦਿਲ, ਮਿਹਨਤੀ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ ਤੇ ਇਕ ਵਧੀਆ ਫੁੱਟਬਾਲ ਖਿਡਾਰੀ ਵੀ ਸੀ।

ਇਸ ਸਮੇਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ, ਐੱਸਐੱਸਪੀ ਹੁਸ਼ਿਆਰਪੁਰ ਗੌਰਵ ਗਰਗ, ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ, ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ, ਵਿਧਾਇਕਾ ਮੁਕੇਰੀਆਂ ਇੰਦੂ ਬਾਲਾ, ਕਰਨਲ ਵਰਿੰਦਰ ਪਾਲ ਸਟੇਸ਼ਨ ਹੈੱਡ ਕੁਆਰਟਰ ਉੱਚੀ ਬੱਸੀ, ਡੀਐੱਸਪੀ ਰਵਿੰਦਰ ਸਿੰਘ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ, ਜੰਗੀ ਲਾਲ ਮਹਾਜਨ, ਸਾਥੀ ਧਰਮਿੰਦਰ ਸਿੰਘ, ਅਨਿਲ ਵਸ਼ਿਸ਼ਟ, ਸੂਬੇਦਾਰ ਰਣਜੀਤ ਸਿੰਘ, ਐੱਸਐੱਚਓ ਹਾਜੀਪੁਰ ਲੋਮੇਸ਼ ਸ਼ਰਮਾ, ਪ੍ਰਵੀਨ ਸ਼ਰਮਾ, ਐਕਸ ਸਰਵਿਸਮੈਨ ਐਸੋਸੀਏਸ਼ਨ ਕੰਢੀ ਏਰੀਆ ਪ੍ਰਧਾਨ ਕਮਾਂਡਰ ਸੰਸਾਰ ਚੰਦ, ਠਾਕੁਰ ਕਰਨ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਮੁਖਤਿਆਰ ਸਿੰਘ, ਅਸ਼ਵਨੀ ਚੌਧਰੀ ਸਮੇਤ ਹਲਕੇ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਡਿੰਪਲ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।