ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 11 ਦੇ ਵਸੰਤ ਵਿਹਾਰ ਸਕੀਮ ਨੰਬਰ 10 ਸ਼ਿਵ ਮੰਦਿਰ ਵਾਲੀ ਗਲੀ 'ਚ ਓਪਨ ਜਿਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਲੋਕਾਂ ਦੀ ਤੰਦਰੁਸਤੀ ਸਭ ਤੋਂ ਵੱਧ ਜ਼ਰੂਰੀ ਹੈ ਜਿਸ ਲਈ ਪੰਜਾਬ ਸਰਕਾਰ ਵਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।

ਓਪਨ ਜਿਮ ਦੀ ਸ਼ੁਰੂਆਤ ਕਰਵਾਉਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ 'ਤੰਦਰੁਸਤ ਪੰਜਾਬ' ਦਾ ਮੁਖ ਟੀਚਾ ਲੋਕਾਂ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸ਼ੁੱਧ ਖਾਣ-ਪੀਣ ਵਾਲੇ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਕਈ ਉਪਰਾਲੇ ਕੀਤੇ ਗਏ ਹਨ ਜੋ ਕਿ ਲੋਕਾਂ ਦੇ ਸਹਿਯੋਗ ਨਾਲ ਬਹੁਤ ਕਾਮਯਾਬ ਰਹੇ। ਸੁੰਦਰ ਸ਼ਾਮ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਅਤੇ ਬਰਡ ਫਲੂ ਸਬੰਧੀ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਸਲਾਹਕਾਰੀਆਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦਾ ਸਿਹਤ ਸੰਕਟ ਖੜ੍ਹਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਾਰਡਾਂ ਵਿੱਚ ਓਪਨ ਜਿੰਮ ਸਥਾਪਿਤ ਕਰਵਾਏ ਗਏ ਹਨ ਤਾਂ ਜੋ ਲੋਕਾਂ ਨੂੰ ਕਸਰਤ ਆਦਿ ਕਰਨ ਲਈ ਸੁਖਾਵਾਂ ਮਾਹੌਲ ਮਿਲ ਸਕੇ।

ਇਸ ਮੌਕੇ ਗੁਰਚੇਤਨ ਸਿੰਘ, ਬਲਦੇਵ ਚੰਦ, ਰਾਕੇਸ਼ ਸੇਠ, ਸਤਨਾਮ ਸਿੰਘ, ਅਸ਼ੋਕ ਕੁਮਾਰ, ਮਨੋਜ ਕਪੂਰ, ਪ੍ਰਰੇਮ ਪੂਰਨ ਸ਼ਰਮਾ, ਸੁਧੀਰ ਸ਼ਰਮਾ, ਹਰਜੀਤ ਸਿੰਘ, ਸਵਿੰਦਰ ਸਿੰਘ, ਰਾਜੇਸ਼ ਸੈਣੀ, ਰੂੜਾ ਮੱਲ, ਰਣਜੀਤ ਚੋਧਰੀ ਆਦਿ ਮੌਜੂਦ ਸਨ।