ਸੁਖਵਿੰਦਰ ਸਰਮਾਲ/ ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ

ਕੋਵਿਡ 19 ਦੇ ਇਸ ਕਾਲ 'ਚ ਕੋਰੋਨਾ ਦੇ ਡਰ ਨੂੰ ਪਛਾੜਦੇ ਹੋਏ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਐਤਵਾਰ ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਹੁਸ਼ਿਆਰਪੁਰ 'ਚ ਦੁਸਹਿਰੇ ਦਾ ਤਿਉਹਾਰ ਮੁੱਖ ਤੌਰ 'ਤੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਸ਼੍ਰੀ ਸ਼ਿਵ ਸੂਦ ਪ੍ਰਧਾਨ ਦੀ ਦੇਖ-ਰੇਖ ਹੇਠ ਭੰਗੀ ਚੋਅ ਵਿਚਾਲੇ ਭਗਵਾਨ ਮਹਾਂਵੀਰ ਸੇਤੁ ਦੇ ਚੜ੍ਹਦੇ ਪਾਸੇ ਬਣੀ ਵਿਸ਼ੇਸ਼ ਦੁਸਹਿਰਾ ਗਰਾਊਂਡ ਵਿੱਚ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਪਵਨ ਕੁਮਾਰ ਆਦੀਆ ਵਿਧਾਇਕ ਸ਼ਾਮ ਚੁਰਾਸੀ, ਕਮਲ ਚੌਧਰੀ ਸਾਬਕਾ ਮੈਂਬਰ ਪਾਰਲੀਮੈਂਟ, ਰਕੇਸ਼ ਮਰਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ,ਬ੍ਹਮ ਸ਼ੰਕਰ ਜ਼ਿੰਪਾ ਚੇਅਰਮੈਨ ਮੌਜੂਦ ਸਨ।

ਸ਼ਾਮ 5:30 ਵਜੇ ਕੀਤਾ ਪੁਤਲਿਆਂ ਨੂੰ ਅਗਨ ਭੇਟ

ਇਸ ਮੌਕੇ ਆਗਰਾ ਦੇ ਕਾਰੀਗਰਾਂ ਵੱਲੋਂ ਬਣਾਏ ਹੋਏ ਰਾਵਣ ਦਾ 60 ਫੁੱਟ ਪੁਤਲਾ, ਕੁੰਭਕਰਣ ਦਾ 55 ਫੁੱਟ ਤੇ ਮੇਘਨਾਥ ਦਾ 50 ਫੁੱਟ ਉੱਚਾ ਪੁਤਲਾ ਲੋਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਸੀ। ਜਿਨ੍ਹਾਂ ਨੂੰ ਅਗਨ ਭੇਂਟ ਹੁੰਦੇ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਦੁਸਹਿਰਾ ਗਰਾਉਂਡ 'ਚ ਉਮੱੜੀ ਹੋਈ ਸੀ। ਸ਼ਾਮ 5:30 ਵਜੇ ਸੂਰਜ ਢੱਲਦੇ ਸਾਰ ਹੀ ਵਿਧੀਵਤ ਰੂਪ 'ਚ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਪੁਤਲੇ ਨੂੰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿੱਚ ਮੁੱਖ ਮਹਿਮਾਨਾਂ ਅਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨੇ ਬਟਨ ਦਬਾ ਕੇ ਅਗਨ ਭੇਂਟ ਕੀਤਾ। ਜਿਸ ਤੋਂ ਬਾਅਦ ਇਹ ਸਾਰੇ ਪੁਤਲੇ ਧੂ-ਧੂ ਕਰਦੇ ਹੋਏ ਜਲਣ ਲੱਗੇ ਤੇ ਦੇਖਦਿਆਂ ਹੀ ਦੇਖਦਿਆਂ ਪਟਾਖਿਆਂ ਨਾਲ ਅਸਮਾਨ ਗੂੰਜਣ ਲੱਗ ਪਿਆ। ਇਸ ਅਲੌਕਿਕ ਦਿ੍ਸ਼ ਨੂੰ ਦੇਖਣ ਲਈ ਚਾਰੇ ਪਾਸੇ ਤੋਂ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਹੀ ਖਲੋ ਕੇ ਬੜੀ ਬੇਸਬਰੀ ਨਾਲ ਇਸ ਘੜੀ ਦੀ ਉਡੀਕ ਕਰ ਰਹੇ ਸਨ। ਇੱਥੋਂ ਤੱਕ ਕਿ ਆਲੇ-ਦੁਆਲੇ ਦੇ ਘਰਾਂ, ਦੁਕਾਨਾਂ ਤੇ ਹੋਰ ਸਾਰੀਆਂ ਇਮਾਰਤਾਂ ਪੂਰੀ ਤਰ੍ਹਾਂ ਨੱਕੋ-ਨੱਕ ਭਰੀਆਂ ਹੋਈਆਂ ਸਨ।

ਇਸ ਮੌਕੇ ਵਿਸ਼ੇਸ਼ ਤੌਰ ਵੱਡੀ ਗਿਣਤੀ 'ਚ ਸ਼ਹਿਰ ਦੀਆਂ ਪ੍ਰਮੁਖ ਸ਼ਖਸ਼ੀਅਤਾਂ, ਸਿਆਸੀ, ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼੍ਰੀ ਰਾਮ ਲੀਲਾ ਕਮੇਟੀ ਮੈਂਬਰ ਪ੍ਰਦੀਪ ਹਾਂਡਾ, ਬਿੰਦੂਸਾਰ ਸ਼ੁਕਲਾ, ਕੈਸ਼ੀਅਰ ਸੰਜੀਵ ਐਰੀ, ਮੀਡੀਆ ਇੰਚਾਰਜ ਕਮਲ ਵਰਮਾ, ਰਜਿੰਦਰ ਮੋਦਗਿਲ, ਰਕੇਸ਼ ਸੂਰੀ, ਸ਼ਿਵ ਜੈਨ, ਸੁਭਾਸ਼ ਅਗਰਵਾਲ, ਦਵਿੰਦਰ ਨਾਥ ਬਿੰਦਾ ਆਦਿ ਮੌਜੂਦ ਸਨ। ਸ਼੍ਰੀ ਰਾਮਲੀਲਾ ਕਮੇਟੀ ਦੇ ਚੇਅਰਮੈਨ ਗੋਪੀ ਚੰਦ ਕਪੂਰ, ਪ੍ਰਧਾਨ ਸ਼ਿਵ ਸੂਦ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।