ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਹੁਸ਼ਿਆਰਪੁਰ ਦੇ ਟਾਂਡਾ ਕਸਬੇ ਨੇੜੇ ਪਿੰਡ ਵਿਖੇ ਬੱਚੀ ਨਾਲ ਹੋਏ ਜਬਰ ਜਨਾਹ ਨੇ ਹਰ ਵਰਗ ਦੇ ਲੋਕਾਂ 'ਚ ਨਾਰਾਜ਼ਗੀ ਅਤੇ ਅਸੁਰੱਖਿਆ ਦੀ ਭਾਵਨਾ ਫੈਲਾ ਦਿੱਤੀ ਹੈ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਕੀਤਾ। ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ 'ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ 'ਤੇ ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ ਦੇ ਲੋਕ ਧੀਆਂ ਦੀ ਜਾਨ ਤੇ ਮਾਣ ਦੀ ਰਾਖੀ ਲਈ ਜਾਣੇ ਜਾਂਦੇ ਸਨ, ਪਰ ਰਾਜ ਦੇ ਹਾਲਾਤ ਇਕ ਅਰਸੇ ਦੌਰਾਨ ਇਸ ਹੱਦ ਤਕ ਅਤਿਅੰਤ ਬਦਲ ਗਏ ਹਨ ਕਿ ਸੂਬੇ ਦੀਆਂ ਧੀਆਂ ਆਪਣੇ ਪੰਜਾਬ 'ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2018-2019 ਦੌਰਾਨ ਪੰਜਾਬ 'ਚ ਬਲਾਤਕਾਰ ਦੇ 5058 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਸਿਰਫ਼ 30 ਫ਼ੀਸਦੀ ਕੇਸਾਂ ਦੀ ਸੁਣਵਾਈ ਕੀਤੀ ਗਈ ਹੈ, ਜਦੋਂ ਕਿ 70 ਫ਼ੀਸਦੀ ਪੀੜਤ ਅਜੇ ਵੀ ਇਨਸਾਫ਼ ਦੀ ਮੰਗ ਲਈ ਪੁਲਿਸ ਥਾਣਿਆਂ ਦੇ ਚੱਕਰ ਕੱਟਣ ਲਈ ਮਜਬੂਰ ਹਨ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਆਪਣੀ ਅਤੇ ਉਸ ਦੇ ਸਾਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ 'ਚ ਰੁੱਝੀ ਹੋਈ ਹੈ, ਪਰ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਹੈ ਅਤੇ ਸਮਾਜ ਦੇ ਹਰ ਵਰਗ ਨੇ ਮੌਜੂਦਾ ਸਰਕਾਰ ‘ਤੇ ਉਮੀਦ ਅਤੇ ਵਿਸ਼ਵਾਸ ਗੁਆ ਦਿੱਤਾ ਹੈ।