ਸਤਨਾਮ ਲੋਈ, ਮਾਹਿਲਪੁਰ

ਅੰਬੇਡਕਰ ਸੈਨਾ ਪੰਜਾਬ, ਆਲ ਇੰਡੀਆ ਜੱਟ ਮਹਾ ਸਭਾ, ਵਾਲਮੀਕਿ ਸਭਾ ਵੱਲੋਂ ਥਾਣਾ ਮਾਹਿਲਪੁਰ ਦੇ ਅੱਗੇ ਇਕ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਦਾ ਇੰਨਸਾਫ਼ ਲੈਣ ਲਈ ਤੇ ਆੜ੍ਹਤੀ ਦੀਆਂ ਥਾਣੇ 'ਚ ਹੀ ਆਪ ਹੁਦਰੀਆਂ ਦੇ ਵਿਰੋਧ 'ਚ ਥਾਣੇ ਦੇ ਮੁੱਖ ਗੇਟ ਅੱਗੇ ਧਰਨਾ ਮਾਰ ਕੇ ਅਵਾਜਾਈ ਰੋਕ ਕੇ ਨਾਅਰੇਬਾਜ਼ੀ। ਅੰਬੇਦਕਰ ਸੈਨਾ ਦੇ ਆਗੂ ਕੁਲਵੰਤ ਭੂੰਨੋ, ਜੱਟ ਮਹਾ ਸਭਾ ਦੇ ਆਗੂ ਬਲਵੀਰ ਸਿੰਘ ਿਢੱਲੋਂ, ਵਾਲਮੀਕਿ ਸਭਾ ਦੇ ਆਗੂ ਬਲਵਿੰਦਰ ਮਰਵਾਹਾ, ਨਵੀ ਮਾਹਿਲਪੁਰ, ਸੰਨੀ ਅਟਵਾਲ, ਰਾਜਵੀਰ ਸਿੰਘ ਮਾਹਿਲਪੁਰ, ਅਜਮੇਰ ਿਢੱਲੋਂ ਤੇ ਹੋਰ ਆਗੂਆਂ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਮਾਹਿਲਪੁਰ 'ਚ ਪਰਵਾਸੀ ਮਜ਼ਦੂਰ ਰਮੇਸ਼ ਲਾਲ ਪੁੱਤਰ ਬੁੱਧੂ ਰਾਮ ਤੇ ਉਸ ਦੀ ਪਤਨੀ ਵਾਸੀ ਵਾਰਡ ਨੰਬਰ 9 ਪਰਿਵਾਰ ਸਮੇਤ ਪਿਛਲੇ ਕੁੱਝ ਸਾਲਾਂ ਤੋਂ ਮੰਡੀ 'ਚ ਝੋਨੇ ਦਾ ਝਾੜ, ਘਾਹਫੂਸ ਤੇ ਫੱਕ ਲੈ ਕੇ ਉਸ ਨੂੰ ਛਾਂਟ ਕੇੇ ਝੋਨਾ ਕੱਢ ਕੇ ਮੰਡੀ 'ਚ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸੋਮਵਾਰ ਮੰਡੀ 'ਚ ਪਰਵਾਸੀ ਮਜ਼ਦੂਰਾਂ ਦੇ ਝੋਨੇ ਦੀਆਂ 30 ਤੋਂ 35 ਦੇ ਕਰੀਬ ਬੋਰੀਆਂ ਦੀ ਖ਼ਰੀਦ ਲਈ ਬੋਲੀ ਕੀਤੀ। ਉਨ੍ਹਾਂ ਦੱਸਿਆ ਕਿ ਆਾੜ੍ਹਤੀ ਪੰਕਜ ਵਰਕਾ ਉਰਫ਼ ਵਿੱਕੀ ਉਨ੍ਹਾਂ ਨੂੰ 1500 ਰੁਪਏ ਤੇ ਇਕ ਹੋਰ ਆੜ੍ਹਤੀ 1700 ਰੁਪਏ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਝੋਨਾ ਵਿੱਕੀ ਨੂੰ ਨਾ ਦੇਣ ਕਾਰਨ ਉਹ ਭੜਕ ਗਿਆ ਤੇ ਉਸ ਨੇ ਪਰਵਾਸੀ ਮਜ਼ਦੂਰ ਪਤੀ-ਪਤਨੀ ਦੀ ਕੁੱਟਮਾਰ ਕਰ ਦਿੱਤੀ। ਜਿਸ ਦੇ ਰਾਜੀਨਾਮੇ ਲਈ ਥਾਣਾ ਮਾਹਿਲਪੁਰ ਇਕੱਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਥਾਣੇ 'ਚ ਹੀ ਆੜ੍ਹਤੀ ਵਿੱਕੀ ਨੇ ਰੋਹਬ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਇੰਨਸਾਫ ਲੈਣ ਲਈ ਥਾਣੇ ਮਾਹਿਲਪੁਰ ਦੇ ਅੱਗੇ ਚੱਕਾ ਜਾਮ ਕਰਕੇ ਧਰਨਾ ਮਾਰਨਾ ਪਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੀ ਗਰੀਬ ਪਰਿਵਾਰ ਨੂੰ ਇੰਨਸਾਫ਼ ਦੇਣ ਦੀ ਬਜਾਏ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਸੀ, ਜਿਸ ਕਾਰਨ ਉਹ ਮਜ਼ਬੂਰ ਹੋ ਕੇ ਸੜਕ 'ਤੇ ਆ ਗਏ। ਉਨ੍ਹਾਂ ਜੰਮ ਕੇ ਆੜ੍ਹਤੀ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਥਾਣਾ ਮੁਖੀ ਸਤਵਿੰਦਰ ਸਿੰਘ ਨੇ ਤੁਰੰਤ ਮੌਕੇ 'ਤੇ ਆ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਕੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਗਰਮਾ ਰਿਹਾ ਮਾਮਲਾ ਠੰਡਾ ਕੀਤਾ। ਥਾਣਾ ਮੁਖੀ ਸ਼ਤਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨ ਲਏ ਜਾ ਰਹੇ ਹਨ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰ ਦਿੱਤੀ ਜਾਵੇਗੀ।