ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਪੰਜਾਬ ਪੁਲਿਸ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਦੇਸ਼ ਦੇ ਸ਼ਹੀਦ ਪੁਲਿਸ ਜਵਾਨਾਂ ਤੇ ਅਰਧ ਸੈਨਿਕ ਬੱਲਾਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ 'ਚ ਪੁਲਿਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਪੁਲਿਸ ਸ਼ਹੀਦੀ ਦਿਵਸ ਪਰੇਡ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 21 ਅਕਤੂਬਰ 1959 ਨੂੰ ਹਾਟ ਸਪਰਿੰਗ (ਲਦਾਖ) 'ਚ ਚੀਨੀ ਫੌਜੀਆਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ 'ਚ ਸੀਆਰਪੀਐੱਫ ਦੇ 10 ਜਵਾਨਾਂ ਦੇ ਸ਼ਹੀਦ ਹੋਣ ਦੀ ਯਾਦ 'ਚ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ 'ਚ ਡਿਊਟੀ ਦੌਰਾਨ ਸੈਂਕੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਖ਼ਿਲਾਫ਼ ਲੜਾਈ 'ਚ ਬਲੀਦਾਨ ਦਿੱਤਾ ਤੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ 'ਚ ਮੁੜ ਅਮਨ ਤੇ ਕਾਨੂੰਨ ਦੀ ਬਹਾਲੀ ਲਿਆਉਣ 'ਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਗੌਰਵ ਨੂੰ ਵਧਾਉਣ ਤੇ ਪੁਲਿਸ ਫੋਰਸ ਵੱਲੋਂ ਉਨ੍ਹਾਂ ਦੇ ਹਰ ਦੁੱਖ-ਸੁੱਖ 'ਚ ਡਟ ਕੇ ਖੜ੍ਹੇ ਹੋਣ ਦੇ ਪ੍ਰਣ ਨੂੰ ਦੁਹਰਾਉਣ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਐੱਸਪੀ ਰਮਿੰਦਰ ਸਿੰਘ, ਐੱਸਪੀ ਰਵਿੰਦਰਪਾਲ ਸਿੰਘ ਸੰਧੂ, ਏਐੱਸਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀਐੱਸਪੀ ਦਸੂਹਾ ਮਨੀਸ਼ ਕੁਮਾਰ, ਡੀਐੱਸਪੀ ਸਿਟੀ ਜਗਦੀਸ਼ ਰਾਜ ਅੱਤਰੀ, ਡੀਐੱਸਪੀ ਟਾਂਡਾ ਦਲਜੀਤ ਸਿੰਘ ਖੱਖ, ਡੀਐੱਸਪੀ ਮੁਕੇਰੀਆਂ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਇਕ ਸਾਲ 'ਚ 164 ਮੁਲਾਜ਼ਮ ਹੋਏ ਸ਼ਹੀਦ : ਐੱਸਐੱਸਪੀ

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਹਰ ਸਾਲ ਦੇਸ਼ ਦੀ ਅੰਦਰੂਨੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਦੇਸ਼ ਦੇ ਸਮੂਹ ਪੁਲਿਸ ਅਤੇ ਅਰਧ ਸੈਨਿਕ ਬੱਲਾਂ ਦੇ ਜਵਾਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਸ ਸ਼ਹੀਦੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦੇਸ਼ ਦੇ ਹਿੰਸਾਗ੍ਸਤ ਇਲਾਕਿਆਂ 'ਚ ਅੱਤਵਾਦ ਵਿਰੋਧੀ ਲੜਾਈ ਦੌਰਾਨ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਅਮਨ ਕਾਨੂੰਨ ਬਹਾਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਪਹਿਲੀ ਸਤੰਬਰ 2019 ਤੋਂ 31 ਅਗਸਤ 2020 ਤਕ ਭਾਰਤ 'ਚ ਕੁਲ 264 ਪੁਲਿਸ ਤੇ ਅਰਧ ਸੈਨਿਕ ਬੱਲਾਂ ਦੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ।