ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਕੇਂਦਰ ਦੀ ਭਾਜਪਾ ਸਰਕਾਰ ਨੇ ਸੂਬੇ ਦੇ ਕਿਸਾਨੀ ਹਿੱਤਾਂ ਨੂੰ ਰੋਲ੍ਹਣ ਦੀ ਜੋ ਗ਼ਲਤੀ ਕੀਤੀ ਹੈ ਉਹ ਸਰਕਾਰ ਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ ਤੇ ਪੰਜਾਬ ਤੋਂ ਸ਼ੁਰੂ ਹੋਇਆ ਵਿਰੋਧ ਪੂਰੇ ਦੇਸ਼ ਵਿਚ ਜਲਦੀ ਹੀ ਜ਼ੋਰ ਲਵੇਗਾ, ਜਿਸ ਪਿੱਛੋਂ ਭਾਜਪਾ ਵਾਲੇ ਮੱਥੇ 'ਤੇ ਹੱਥ ਮਾਰ-ਮਾਰ ਕਿਸਮਤ ਨੂੰ ਕੋਸਣਗੇ।

ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਵਿੰਦਰ ਸਿੰਘ ਚੱਕ ਨੇ ਸੈਂਕੜੇ ਸਾਥੀਆਂ ਤੇ ਕਿਸਾਨਾਂ ਸਹਿਤ ਕਿਸਾਨ ਮਾਰਚ ਦਾ ਹਿੱਸਾ ਬਣਨ ਲਈ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੋਧ ਕਾਨੂੰਨਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਤਕ ਰੋਸ ਮਾਰਚ ਕੱਿਢਆ ਜਾ ਰਿਹਾ ਹੈ, ਜਿਸ 'ਚ ਲੱਖਾਂ ਦੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋ ਰਹੇ ਹਨ।

ਸਾਬੀ ਨੇ ਕਿਹਾ ਕਿ ਜਿਸ ਸਮੇਂ ਦੇਸ਼ 'ਚ ਕਾਂਗਰਸ ਨੇ ਐਮਰਜੈਂਸੀ ਲਗਾਈ ਸੀ ਤਦ ਵੀ ਉਸ ਦਾ ਵਿਰੋਧ ਪੰਜਾਬ ਤੋਂ ਅਕਾਲੀ ਦਲ ਵੱਲੋਂ ਹੀ ਸ਼ੁਰੂ ਹੋਇਆ ਸੀ ਜੋ ਬਾਅਦ ਵਿਚ ਪੂਰੇ ਦੇਸ਼ ਵਿਚ ਲੋਕ ਲਹਿਰ ਬਣਿਆ ਤੇ ਕਾਂਗਰਸ ਨੂੰ ਇਸਦੀ ਵੱਡੀ ਕੀਮਤ ਚਕਾਉਣੀ ਪਈ ਸੀ। ਬਿਲਕੁੱਲ ਉਸੇ ਤਰ੍ਹਾਂ ਦੀ ਗ਼ਲਤੀ ਹੁਣ ਭਾਜਪਾ ਸਰਕਾਰ ਨੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਇਹ ਮਦ ਲਿਖ ਕੇ ਦੇਵੇ ਕਿ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗੀ ਤੇ ਸਰਕਾਰ ਤੈਅ ਕੀਮਤ 'ਤੇ ਫ਼ਸਲਾਂ ਦੀ ਖ਼ਰੀਦ ਜਾਰੀ ਰੱਖੇਗੀ। ਉਨ੍ਹਾਂ ਰੋਸ ਜਾਹਰ ਕੀਤਾ ਕਿ ਭਾਜਪਾ ਸਰਕਾਰ ਦੇ ਮਨ ਵਿੱਚ ਚੋਰ ਹੈ ਤੇ ਵੱਡੀਆਂ ਕੰਪਨੀਆਂ ਤੇ ਕਾਰੋਬਾਰੀ ਘਰਾਣਿਆਂ ਨਾਲ ਯਾਰੀ ਪੁਗਾਉਣ ਦੀ ਚਾਹਤ ਨੇ ਸਰਕਾਰ ਦੇ ਹੱਥ ਬੱਧੇ ਹੋਏ ਹਨ ਜਿਸ ਕਰ ਕੇ ਸਰਕਾਰ ਇਹ ਮਦ ਲਿਖ ਕੇ ਦੇਣ ਤਿਆਰ ਨਹੀਂ।

ਸਾਬੀ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਹੈ ਤੇ ਇਸ ਸੰਘਰਸ਼ ਵਿਚ ਤਦ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ-ਆੜ੍ਹਤੀਆਂ ਤੇ ਮਜਦੂਰਾਂ ਦੀ ਸਾਂਝ ਨੂੰ ਵੱਡੀ ਸੱਟ ਮਾਰ ਕੇ ਸਿਰਫ਼ ਕਾਰੋਬਾਰੀ ਘਰਾਣਿਆਂ ਦੇ ਹਿੱਤ ਬਾਰੇ ਸੋਚਿਆ ਹੈ ਪਰ ਅਕਾਲੀ ਦਲ ਕਿਸਾਨਾਂ ਦੀ ਸਾਂਝ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਬੈਠਾ ਹੈ।

ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਕਾਲੇਬਾਗ, ਭਾਈ ਡਾ. ਅਮਰੀਕ ਸਿੰਘ ਲਤੀਫ਼ਪੁਰ, ਲਖਬੀਰ ਸਿੰਘ ਲੱਖੀ ਮਾਨਾਂ, ਨਿਰਮਲ ਸਿੰਘ ਚੀਫ਼, ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ ਟਿੰਮੀ, ਨਰਿੰਦਰ ਸਿੰਘ ਗੋਲੀ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਮਨਮੋਹਨ ਸਿੰਘ, ਬਲਦੇਵ ਸਿੰਘ, ਰਸ਼ਪਾਲ ਸਿੰਘ ਰੰਗਾ, ਸੰਤੋਖ ਸਿੰਘ ਡਾਲੋਵਾਲ, ਹਰਦਿਆਲ ਸਿੰਘ ਹਿਯਾਤਪੁਰ, ਮੇਜਰ ਸਿੰਘ, ਰਵਿੰਦਰ ਸਿੰਘ ਪਾਹੜਾ, ਬਲਬੀਰ ਸਿੰਘ ਬੱਗੂ, ਬਲਬੀਰ ਸਿੰਘ ਟੀਟਾ ਨੌਸ਼ਹਿਰਾ, ਮਨਜੀਤ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ ਕੋਟਲੀ, ਲਖਵਿੰਦਰ ਸਿੰਘ ਧਨੋਆ, ਮਨਮੋਹਨ ਸਿੰਘ, ਗੁਲਜ਼ਾਰ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਰਾਮ ਸਿੰਘ ਧਾਮੀਆ, ਅਮਰੀਕ ਸਿੰਘ ਜਲਾਲਾ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਤੇ ਕਿਸਾਨ ਨੇ ਜਥੇ ਵਿੱਚ ਸ਼ਮੂਲੀਅਤ ਕਰਦੇ ਹੋਏ ਰੋਸ ਮਾਰਚ ਲਈ ਰਵਾਨਾ ਹੋਏ।