ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਰੂਰਬਨ ਮਿਸ਼ਨ ਤਹਿਤ ਜ਼ਿਲੇ੍ਹ ਦੀ ਦਸੂਹਾ ਸਬ ਡਵੀਜ਼ਨ ਦੇ ਸੰਸਾਰਪੁਰ ਦੇ 68 ਪਿੰਡਾਂ ਦੀ ਮੁਕੰਮਲ ਤੌਰ 'ਤੇ ਨੁਹਾਰ ਬਦਲੀ ਜਾਵੇਗੀ, ਜਿਸ ਲਈ ਪਹਿਲੀ ਕਿਸ਼ਤ ਵਜੋਂ 9 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਿੰਡਾਂ 'ਚ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸ਼ਹਿਰੀ ਤਰਜ਼ 'ਤੇ ਵਿਕਾਸ, ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਆਰਥਿਕ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਾਰਪੁਰ ਕਲਸਟਰ ਦੇ ਇਨ੍ਹਾਂ 68 ਪਿੰਡਾਂ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਸਾਰੇ ਪਿੰਡਾਂ ਵਿਚ 2471 ਸੋਲਰ ਐੱਲਈਡੀ ਲਾਈਟਾਂ ਲੱਗ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸ਼ਹਿਰੀ ਤਰਜ਼ 'ਤੇ ਲਾਗੂ ਕਰਨ ਤਹਿਤ ਇਕਸਾਰ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ ਵਿਕਾਸ ਦੇ ਖੇਤਰ 'ਚ ਵੱਡੀ ਤਬਦੀਲੀ ਲਿਆਉਂਦਿਆਂ ਪਿੰਡਾਂ 'ਚ ਬਾਇਓ ਡਾਇਜੈਸਟਰ ਪਖਾਨੇ, ਬੱਸ ਕਿਊ ਸ਼ੈਲਟਰ, ਬਹੁਮੰਤਵੀ ਹਾਲ, ਖੇਡ ਕੰਪਲੈਕਸ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ।

ਅਪਨੀਤ ਰਿਆਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਸੜਕਾਂ ਦੀ ਉਸਾਰੀ, ਸਰਕਾਰੀ ਸਕੂਲਾਂ ਵਿਚ ਸੈਨਟਰੀ ਪੈਡ ਮਸ਼ੀਨਾਂ ਲਾਉਣਾ, ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਅਤੇ ਉਸਾਰੀ ਤੋਂ ਇਲਾਵਾ ਪਿੰਡ ਰੰਗੀਆਂ 'ਚ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਦੀ ਮੁਰੰਮਤ ਅਤੇ ਮਜਬੂਤੀ ਦਾ ਕੰਮ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਰਾਸ਼ਟਰੀ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ ਵਿਚ ਕੇਂਦਰ-ਰਾਜ ਸਰਕਾਰਾਂ ਦੀ 70:30 ਫੀਸਦੀ ਕ੍ਮਵਾਰ ਭਾਈਵਾਲੀ ਨਾਲ ਕੁਲ 30 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ 'ਚੋਂ 9 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਿਸ਼ਨ ਮੁਕੰਮਲ ਹੋਣ ਨਾਲ ਇਨਾਂ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਰਥਿਕ ਸਰਗਰਮੀਆਂ ਨੂੰ ਵਿਸ਼ੇਸ਼ ਹੁਲਾਰਾ ਮਿਲੇਗਾ।