ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਸਿਹਤ ਵਿਭਾਗ ਵਲੋਂ ਕੋਰੋਨਾ ਨੂੰ ਲੈ ਕੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਉੱਥੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਕੋਵਿਡ-19 ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਚਿਤਾਵਨੀ ਦਿੱਤੀ ਹੋਈ ਹੈ, ਪਰ ਸਿਹਤ ਵਿਭਾਗ ਵਲੋਂ ਕੀਤੀ ਜੀ ਰਹੀ ਉਲੰਘਣਾ ਦੀ ਉਸ ਵੇਲੇ ਪੋਲ ਖੁੱਲ੍ਹਦੀ ਨਜ਼ਰ ਆਈ ਜਦੋਂ ਹੁਸ਼ਿਆਰਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ। ਉਨ੍ਹਾਂ ਇਕ ਬਜ਼ੁਰਗ ਮਰੀਜ਼ ਮੁਹਿੰਦਰ ਸਿੰਘ ਵਾਸੀ ਕੰਧਾਲਾ ਸ਼ੇਖਾਂ ਬਲਾਕ ਟਾਂਡਾ ਉੜਮੁੜ ਦੇ ਕੋਰੋਨਾ ਸੈਂਪਲ ਇਕੱਤਰ ਕਰ ਕੇ ਟੈਸਟ ਲਈ ਭੇਜ ਦਿੱਤੇ, ਪਰ ਇਸ ਦੌਰਾਨ ਬਜ਼ੁਰਗ ਮਰੀਜ਼ ਦੀ ਮੌਤ ਹੋ ਗਈ ਤੇ ਉਕਤ ਨਿੱਜੀ ਹਸਪਤਾਲ ਦੇ ਡਾਕਟਰਾਂ ਇਕ ਗੈਰ ਜ਼ਿੰਮੇਵਾਰਨਾ ਕੰਮ ਕਰਦੇ ਹੋਏ ਮਿ੍ਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਦਕਿ ਅਗਲੇ ਦਿਨ ਉਕਤ ਮਿ੍ਤਕ ਬਜ਼ੁਰਗ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ, ਪਰ ਉਦੋਂ ਤਕ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਮਿ੍ਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਜਦੋਂ ਕਿ ਕੋਵਿਡ19 ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਜੇ ਕਿਸੇ ਸ਼ੱਕੀ ਬਿਮਾਰ ਮਰੀਜ਼ ਦੇ ਇਲਾਜ ਦੌਰਾਨ ਕੋਰੋਨਾ ਸੈਂਪਲ ਲੈਂਦਾ ਹੈ ਤਾਂ ਉਕਤ ਮਰੀਜ਼ ਦੀ ਚਾਹੇ ਇਲਾਜ ਦੌਰਾਨ ਮੌਤ ਵੀ ਹੋ ਜਾਵੇ ਉਸ ਦੀ ਮਿ੍ਤਕ ਦੇਹ ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ ਵਾਰਸਾਂ ਨੂੰ ਨਹੀਂ ਦਿੱਤੀ ਜਾ ਸਕਦੀ। -

ਕੀ ਕਹਿਣਾ ਹੈ ਮਿ੍ਤਕ ਦੇ ਲੜਕੇ ਦਾ

ਜਦੋਂ ਇਸ ਸਬੰਧੀ ਮਿ੍ਤਕ ਦੇ ਲੜਕੇ ਜੋਗਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਆਈਵੀਵਾਈ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਨਿੱਜੀ ਹਸਪਤਾਲ ਵਾਲਿਆਂ ਨੇ ਲੁੱਟ ਮਚਾਈ ਹੋਈ ਹੈ। ਜਦੋਂ 6 ਅਗਸਤ ਨੂੰ ਅਸੀਂ ਆਪਣੇ ਪਿਤਾ ਨੂੰ ਜ਼ਿਆਦਾ ਬਿਮਾਰੀ ਹੋਣ ਦੀ ਹਾਲਤ 'ਚ ਇਸ ਨਿੱਜੀ ਹਸਪਤਾਲ 'ਚ ਲੈ ਕੇ ਗਏ ਤਾਂ ਉਨ੍ਹਾਂ ਮਰੀਜ਼ ਨੂੰ ਦਾਖਲ ਕਰ ਲਿਆ ਤੇ ਸਾਨੂੰ ਮਿਲਣ ਤਕ ਨਹੀਂ ਦਿੱਤਾ ਗਿਆ। ਇਸ ਦੌਰਾਨ ਕਦੋਂ ਉਨ੍ਹਾਂ ਦਾ ਕੋਰੋਨਾ ਸੈਂਪਲ ਲਿਆ ਸਾਨੂੰ ਇਹ ਵੀ ਨਹੀਂ ਦੱਸਿਆ। ਦੂਜੇ ਦਿਨ ਸਵੇਰੇ ਜਦੋਂ ਹਸਪਤਾਲ ਸਟਾਫ ਨੇ ਸਾਡੇ ਪਿਤਾ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਤੇ 60 ਹਜ਼ਾਰ ਰੁਪਏ ਦਾ ਵੱਡਾ ਬਿੱਲ ਸਾਡੇ ਹੱਥ ਫੜਾ ਦਿੱਤਾ। ਜਿਸ ਤੋਂ ਬਾਅਦ ਅਸੀਂ ਮਿ੍ਤਕ ਦਾ ਪਿੰਡ ਦੇ ਸ਼ਮਸ਼ਾਨ ਘਾਟ 'ਚ ਸਸਕਾਰ ਕਰ ਦਿੱਤਾ।

ਕੀ ਕਹਿਣਾ ਹੈ ਨਿੱਜੀ ਹਸਪਤਾਲ ਦੇ ਡਾਇਰੈਕਟਰ ਦਾ

ਜਦੋਂ ਇਸ ਸਬੰਧੀ ਨਿੱਜੀ ਹਸਪਤਾਲ ਆਈਵੀਵਾਈ ਦੇ ਡਾਇਰੈਕਟਰ ਗੌਰਵ ਖੁਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਫ ਮੁਕਰਦੇ ਹੋਏ ਕਿਹਾ ਕਿ ਉਕਤ ਮਰੀਜ਼ ਦੀ ਮੌਤ ਸਾਡੇ ਹਸਪਤਾਲ 'ਚ ਨਹੀਂ ਹੋਈ। ਜਦੋਂ ਮਰੀਜ਼ ਦੇ ਪਰਿਵਾਰਕ ਮੈਂਬਰ ਮਰੀਜ਼ ਨੂੰ ਲੈ ਕੇ ਹਸਪਤਾਲ ਆਏ ਸਨ ਉਦੋਂ ਸਿਰਫ ਮਰੀਜ਼ ਦੀ ਕੋਰੋਨਾ ਸੈਂਪਲਿੰਗ ਹੋਈ ਸੀ, ਉਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਛੁੱਟੀ ਮੰਗ ਲਈ ਤੇ ਅਸੀਂ ਜਬਰੀ ਕਿਸੇ ਮਰੀਜ਼ ਨੂੰ ਨਿੱਜੀ ਹਸਪਤਾਲ 'ਚ ਨਹੀਂ ਰੱਖ ਸਕਦੇ। ਐਤਵਾਰ ਜਦੋਂ ਮਿ੍ਤਕ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ।

-

ਕੀ ਕਹਿਣਾ ਕੋਵਿਡ-19 ਦੇ ਜ਼ਿਲ੍ਹਾ ਇੰਚਾਰਜ ਦਾ

ਜਦੋਂ ਇਸ ਸਬੰਧੀ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਕੋਵਿਡ19 ਜ਼ਿਲ੍ਹਾ ਇੰਚਾਰਜ ਸੈਲੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਕਿਸੇ ਬਿਮਾਰ ਮਰੀਜ਼ ਦਾ ਇਲਾਜ ਦੌਰਾਨ ਕੋਰੋਨਾ ਸੈਂਪਲ ਲੈਂਦਾ ਹੈ ਤੇ ਜੇ ਇਸ ਦੌਰਾਨ ਇਲਾਜ ਮਰੀਜ਼ ਦੀ ਮੌਤ ਹੋ ਜਾਵੇ ਤਾਂ ਰਿਪੋਰਟ ਆਉਣ ਤੋਂ ਪਹਿਲਾਂ ਮਿ੍ਤਕ ਦਾ ਸਰੀਰ ਵਾਰਸਾਂ ਹਵਾਲੇ ਨਹੀਂ ਕੀਤਾ ਜਾ ਸਕਦਾ। ਜੇ ਰਿਪੋਰਟ ਪਾਜ਼ੇਟਿਵ ਆਵੇ ਤਾਂ ਉਕਤ ਮਿ੍ਤਕ ਦਾ ਸਸਕਾਰ ਸਿਰਫ ਸਿਹਤ ਵਿਭਾਗ ਹੀ ਕੋਵਿਡ-19 ਦੀਆਂ ਜਾਰੀ ਹਦਾਇਤਾਂ ਅਨੁਸਾਰ ਕਰ ਸਕਦਾ ਹੈ ਕੋਈ ਮਿ੍ਤਕ ਦਾ ਪਰਿਵਾਰਕ ਮੈਂਬਰ ਨਹੀਂ।