ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ : ਸ਼ਹੀਦ ਭਗਤ ਸਿੰਘ ਆਟੋ ਰਿਕਸ਼ਾ ਵਰਕਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਦੇਸ ਵਿੱਚ ਲੱਗੇ ਲਾਕਡਾਉਨ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਦੇਸ਼ ਦੀ ਮਿਹਨਤਕਸ਼ ਜਮਾਤ 'ਤੇ ਪਿਆ ਹੈ। ਇਸ ਵਿਚ ਇਕ ਬਹੁਤ ਵੱਡਾ ਤਬਕਾ ਮਿਹਨਤਕਸ਼ ਆਟੋ-ਚਾਲਕਾਂ ਦਾ ਹੈ ਜਿਹੜਾ ਆਪਣੀ ਤੇ ਆਪਣੇ ਪਰਿਵਾਰ ਦੀ ਦੋ ਵਕਤ ਦੀ ਰੋਟੀ ਲਈ ਸਭ ਤੋਂ ਜਿਆਦਾ ਜੂਝ ਰਿਹਾ ਹੈ। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਲੱਗੇ ਲਾਕਡਾਉਨ ਦੌਰਾਨ ਨਾ ਤਾਂ ਕੇਂਦਰ ਸਰਕਾਰ ਨੇ ਅਤੇ ਨਾ ਹੀ ਰਾਜ ਸਰਕਾਰ ਨੇ ਇਹਨਾਂ ਦੀ ਕੋਈ ਖੈਰ-ਖਬਰ ਲਈ। ਉਲਟਾ ਇਨ੍ਹਾਂ ਦੇ ਪ੍ਰਤੀ ਗੈਰ ਮਨੁੱਖੀ ਰਵੱਈਆ ਅਪਣਾਉਂਦੇ ਹੋਏ ਇਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਤੰਗ-ਪਰੇਸ਼ਾਨ ਕੀਤਾ ਗਿਆ! ਜਿਸਦਾ ਅਸਰ ਇਹ ਹੋਇਆ ਕਿ ਕਈ ਆਟੋ-ਚਾਲਕਾਂ ਨੂੰ ਆਤਮਹੱਤਿਆ ਦਾ ਰਾਹ ਫੜਨਾ ਪਿਆ! ਇਸ ਲਈ ਹੁਣ ਅਸੀਂ ਪੰਜਾਬ ਦੇ ਆਟੋ-ਚਾਲਕ ਜਿਲਿਆਂ ਦੇ ਡਿਪਟੀ ਕਮਿਸਨਰਾਂ ਰਾਹੀਂ ਪੰਜਾਬ ਸਰਕਾਰ ਅੱਗੇ ਆਪਣੀਆਂ ਮੰਗਾਂ ਰਖ ਰਹੇ ਹਾਂ।

ਬਲਵੰਤ ਸੋਨੂੰ ਪ੍ਰਧਾਨ ਆਲ ਆਟੋ ਰਿਕਸ਼ਾ ਯੂਨੀਅਨ ਨੇ ਕਿਹਾ ਕਿ ਜਦ ਤੱਕ ਹਲਾਤ ਸਹੀ ਨਹੀਂ ਹੁੰਦੇ ਹਰ ਇੱਕ ਆਟੋ ਚਾਲਕ ਨੂੰ ਘੱਟੋ-ਘੱਟ 10 ਹਜਾਰ ਰੁਪਏ ਪ੍ਰਤੀ ਮਹੀਨਾ ਆਰਥਿਕ ਮਦਦ ਦਿੱਤੀ ਜਾਵੇ, ਸਾਰੇ ਆਟੋ ਚਾਲਕਾਂ ਦੀਆਂ ਆਟੋ-ਲੋਨ ਦੀਆਂ ਕਿਸਤਾਂ ਨੂੰ 6 ਮਹੀਨੇ ਅੱਗੇ ਕਰ ਦਿੱਤਾ ਜਾਵੇ ਤੇ ਵਿਆਜ ਮਾਫ ਕੀਤਾ ਜਾਵੇ ਅਤੇ ਬੈਂਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਇਸ ਸਮੇਂ ਦੌਰਾਨ ਕਿਸੇ ਵੀ ਆਟੋ-ਚਾਲਕ ਨੂੰ ਕਿਸਤਾਂ ਵਾਸਤੇ ਤੰਗ ਪਰੇਸਾਨ ਨਾ ਕੀਤਾ ਜਾਵੇ। ਲਾਕਡਾਊਨ ਦੌਰਾਨ ਵਧਾਈਆਂ ਗਈਆਂ ਆਟੋ-ਲੋਨ ਦੀਆਂ ਕਿਸ਼ਤਾਂ ਤੇ ਭਾਰੀ ਜੁਰਮਾਨੇ ਲਾ ਕੇ ਬੈਂਕਾਂ ਵੱਲੋਂ ਕੀਤੀ ਜਾ ਰਹੀ ਆਟੋ-ਚਾਲਕਾਂ ਦੀ ਲੁੱਟ ਤੁਰੰਤ ਬੰਦ ਕਰੋ। ਕਿਸੇ ਵੀ ਆਟੋ-ਚਾਲਕ ਨੂੰ ਮੋਟਰ ਵਹੀਕਲ ਐਕਟ ਅਧੀਨ ਚਲਾਨ ਕੱਟ ਕੇ ਤੰਗ ਪਰੇਸਾਨ ਨਾ ਕੀਤਾ ਜਾਵੇ ਕਿਉਂਕਿ ਹਰ ਬੰਦੇ ਨੂੰ ਰੋਜਗਾਰ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜੇ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਫੇਲ੍ਹ ਹੋਈਆਂ ਹਨ ਤਾਂ ਹੀ ਤਾਂ ਲੋਕਾਂ ਨੇ ਆਟੋ ਚਲਾਉਣ ਨੂੰ ਆਪਣਾ ਰੁਜ਼ਗਾਰ ਬਣਾਇਆ ਹੈ ਤੇ ਉਸਦੇ ਸਹਾਰੇ ਹੀ ਆਪਣੀ ਜਿੰਦਗੀ ਚਲਾਉਂਦੇ ਹਨ। ਆਟੋ-ਚਾਲਕਾਂ ਦਾ ਆਟੋ ਦਾ ਹੀ ਲਾਇਸੈਂਸ ਬਣਾਇਆ ਜਾਵੇ ਤੇ ਇਸ ਵਾਸਤੇ ਡ੍ਰਾਈਵਿੰਗ ਟੇਸਟ ਵੀ ਸਿਰਫ ਆਟੋ ਦਾ ਹੀ ਲਿਆ ਜਾਵੇ।ਪਰਮਿਟ ਤੇ ਪਾਸਿੰਗ ਬਿਨਾ ਵੀਸ ਵਧਾਏ ਇੱਕਠੀ 5 ਸਾਲ ਵਾਸਤੇ ਕੀਤੀ ਜਾਵੇ।ਪੇਟ੍ਰੋਲ-ਡੀਜਲ ਆਦਿ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਤੇ ਲਗਾਮ ਲਾਈ ਜਾਵੇ ਤਾਂ ਜੋ ਆਟੋ-ਚਾਲਕ ਵਰਗੇ ਆਮ ਇਨਸਾਨ ਘੱਟੋ-ਘੱਟ ਦੋ ਵਕਤ ਦੀ ਰੋਟੀ ਖਾ ਸਕਣ। ਇਸ ਮੌਕੇ ਬਲਵੰਤ ਸੋਨੂੰ ਪ੍ਰਧਾਨ ਆਲ ਆਟੋ ਰਿਕਸ਼ਾ ਯੂਨੀਅਨ, ਕਰਤਾਰ ਸਿੰਘ ਸੈਣੀ, ਪ੍ਰਰੋਫੈਸਰ ਸਾਹਿਬ ਜਲੰਧਰ, ਪੁਨੀਤ ਕਲੇਰ ਨਵਾਂ ਸ਼ਹਿਰ, ਬਿੰਦਰ ਫਿਲੌਰ, ਬਲਵਿੰਦਰ ਸਿੰਘ, ਸੁਰਿੰਦਰ ਪਾਲ, ਗੋਪਾਲ ਸਿੰਘ, ਰਾਜ ਕੁਮਾਰ, ਅਮਨ ਵੀ ਹਾਜ਼ਰ ਸਨ।