ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਬਾਵਜੂਦ ਵੀ ਸੂਬੇ ਦੇ ਲੋਕਾਂ ਤਕ ਪੰਜਾਬ ਸਰਕਾਰ ਵਲੋਂ ਹਰ ਜ਼ਰੂਰੀ ਸਹੂਲਤ ਪਹੁੰਚਾਈ ਜਾ ਰਹੀ ਹੈ। ਸੂਬੇ ਦੀ ਤਰੱਕੀ ਤੇ ਖੁਸ਼ਹਾਲੀ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹ ਪ੍ਰਗਟਾਵਾ ਪਿੰਡ ਮਾਂਝੀ ਦੀ ਪੰਚਾਇਤ ਨੂੰ ਗਲੀਆਂ ਦੇ ਨਿਰਮਾਣ ਲਈ 13 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੰਬੋਧਨ ਕਰਦੇ ਸਮੇਂ ਕੀਤਾ।

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਸਾਵਧਾਨੀ ਅਪਣਾਉਂਦੇ ਹੋਏ ਸਾਰੇ ਸੇਵਾ ਕੇਂਦਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਲਾਕਡਾਊਨ ਦੇ ਬਾਵਜੂਦ ਘਰ-ਘਰ ਤਕ ਪੈਨਸ਼ਨ ਸੁਵਿਧਾ ਦਾ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਯੂਨਿਟਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਲਈ ਬੱਸ ਸਰਵਿਸ ਸਮੇਤ ਹੋਰ ਕਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਲੋਕਾਂ ਨੂੰ ਸਿਹਤਮੰਦ ਮਾਹੌਲ ਦੇ ਨਾਲ-ਨਾਲ ਹਰ ਜ਼ਰੂਰੀ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣ।

ਸੁੰਦਰ ਸ਼ਾਮ ਅਰੋੜਾ ਨੇ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਸਾਰੇ ਲੋਕ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਇਸ ਤੋਂ ਇਲਾਵਾ ਬਾਹਰ ਨਿਕਲਦੇ ਸਮੇਂ ਮਾਸਕ ਤੇ ਸਮੇਂ-ਸਮੇਂ 'ਤੇ ਸੈਨੇਟਾਈਜ਼ਰ ਦਾ ਪ੍ਰਯੋਗ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਾਵਧਾਨੀ ਅਪਣਾ ਕੇ ਹੀ ਇਸ ਨਾਮੁਰਾਦ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ।

ਇਸ ਮੌਕੇ ਸਰਪੰਚ ਡਾ. ਜਤਿੰਦਰ ਕੁਮਾਰ, ਜਗਦੀਸ਼ ਲਾਲ, ਰਜਿੰਦਰ ਕੁਮਾਰ, ਸੋਹਨ ਲਾਲ, ਲਾਲ ਚੰਦ, ਸੋਮ ਨਾਥ, ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਕੁਲਦੀਪ ਅਰੋੜਾ, ਸੁਰਿੰਦਰ ਪਾਲ ਸਿੱਧੂ, ਕੁਲਵਿੰਦਰ ਸਿੰਘ, ਸਰਬਜੀਤ ਸਾਬੀ ਵੀ ਮੌਜੂਦ ਸਨ।