ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਜ਼ਿਲ੍ਹੇ 'ਚ ਕੋਵਿਡ-19 ਸਬੰਧੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ 21 ਨਵੇਂ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 1983 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚ 1634 ਸੈਂਪਲ ਨੈਗੇਟਿਵ ਆਏ ਹਨ ਅਤੇ 213 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 29 ਸੈਂਪਲ ਇਨਵੈਲਿਡ ਪਾਏ ਗਏ ਹਨ ਅਤੇ ਜ਼ਿਲ੍ਹੇ 'ਚ 107 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 89 ਮਰੀਜ਼ ਠੀਕ ਹੋ ਚੁੱਕੇ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਘਰ ਤੋਂ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਵਾਲੇ ਹਰ ਵਿਅਕਤੀ ਲਈ ਮੁੰਹ 'ਤੇ ਮਾਸਕ ਲਗਾਉਣਾ ਜ਼ਰੂਰੀ ਹੈ ਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਵਿਅਕਤੀਆਂ ਨੂੰ 100 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।