ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਦਸਮੇਸ਼ ਗਰਲਜ਼ ਕਾਲਜ਼ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਐਜੂਕੇਸ਼ਨ ਵਿਭਾਗ ਵੱਲੋਂ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਦੀ ਯੋਗ ਅਗਵਾਈ ਅਤੇ ਪਿ੍ਰੰਸੀਪਲ ਡਾ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਰੋਜ਼ਾ ਵੈੱਬੀਨਾਰ ਕਰਵਾਇਆ ਗਿਆ। ਵੈੱਬੀਨਾਰ ਦਾ ਮੁੱਖ ਵਿਸ਼ਾ ਕੋਵਿਡ-19 ਅਤੇ ਇਸਦੇ ਸਮਾਜ ਉੱਪਰ ਪਏ ਪ੍ਰਭਾਵ ਸੀ ਤੇ ਇਸ ਵੈੱਬੀਨਾਰ 'ਚ ਡਾ. ਸੁਰਿੰਦਰ ਸ਼ਰਮਾ ਮੈਂਬਰ ਐੱਨਸੀਟੀਈ ਐੱਨਆਰਸੀ, ਡਾ. ਜਸਪਾਲ ਸਿੰਘ ਐਸੋਸੀਏਟ ਪ੍ਰਰੋਫ਼ੈਸਰ ਜੰਮੂ ਯੂਨੀਵਰਸਿਟੀ, ਡਾ. ਜਤਿੰਦਰ ਗਰੋਵਰ ਡੀਨ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਹਰਨੀਲ ਵੀਲਿੰਗ ਮੁੱਖੀ ਸ਼੍ਰੀ ਗੁਰੂ ਗ੍ੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਨੇ ਕੋਵਿਡ-19 ਦੇ ਸਮਾਜਿਕ, ਆਰਥਿਕ, ਸੱਭਿਆਚਾਰਕ, ਮਾਨਸਿਕ ਅਤੇ ਭਾਵਨਾਤਮਕ ਪ੍ਰਭਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਛੋਹਿਆ। ਵੈੱਬੀਨਾਰ 'ਚ ਗੁਜਰਾਤ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਉਤਰਾਖੰਡ, ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਪ੍ਰਰੋਫੈਸਰਾਂ ਤੇ ਡੈਲੀਗੇਟਸ ਨੇ ਉਤਸ਼ਾਹਤ ਪੂਰਬਕ ਸ਼ਮੂਲੀਅਤ ਕੀਤੀ।

ਇਸ ਮੌਕੇ ਪਿ੍ਰੰਸੀਪਲ ਡਾ. ਕਰਮਜੀਤ ਕੌਰ ਨੇ ਸਮੂਹ ਕਾਲਜ਼ ਸਟਾਫ਼ ਨੂੰ ਪਹਿਲੇ ਕੌਮੀ ਪੱਧਰ ਦੇ ਵੈੱਬੀਨਾਰ ਨੂੰ ਸਫ਼ਲਤਾ ਪੂਰਬਕ ਨੇਪਰੇ ਚਾੜ੍ਹਣ 'ਤੇ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਅਜਿਹੇ ਹੋਰ ਤਜ਼ਰਬੇ ਕੀਤੇ ਜਾਣ ਲਈ ਪ੍ਰਰੇਰਿਤ ਕੀਤਾ।