ਫੋਟੋ 122 ਪੀ - ਰਾਹੁਲ ਧੀਮਾਨ ਨੂੰ ਯੂਥ ਚੈਂਪੀਅਨ ਐਵਾਰਡ ਨਾਲ ਦਿੰਦੇ ਹੋਏ ਮੁਖ ਸ਼ਖਸੀਅਤਾਂ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਰਾਹੁਲ ਧੀਮਾਨ ਨੂੰ ਚਨੇਈ ਦੇ ਵਿੱਚ “ਆਈ ਵਲੰਟੀਅਰ” ਸੰਸਥਾ ਮੁੰਬਈ ਵਲੋਂ ਯੂਥ ਚੈਂਪੀਅਨ ਐਵਾਰਡ ਦੇ ਨਾਲ ਨਿਵਾਜ਼ਿਆ ਗਿਆ। 'ਆਈ ਵਲੰਟੀਅਰ' ਸੰਸਥਾ ਵੱਲੋਂ ਹਰ ਸਾਲ ਇਹ ਐਵਾਰਡ 4 ਸ਼੍ਰੇਣੀਆਂ 'ਚ ਦਿੱਤਾ ਜਾਂਦਾ ਹੈ ਜਿਨ੍ਹਾਂ 'ਚੋਂ 'ਚੋਣ ਯੂਥ ਚੈਂਪੀਅਨ' ਸ਼੍ਰੇਣੀ ਲਈ ਰਾਹੁਲ ਧੀਮਾਨ ਦੀ ਚੋਣ ਦੇਸ਼ ਭਰ 'ਚੋਂ ਆਈਆਂ ਨਾਮਜ਼ਦਗੀਆਂ 'ਚੋਂ ਕੀਤੀ ਗਈ। ਰਾਹੁਲ ਧੀਮਾਨ ਨੂੰ ਉਸਦੇ ਸਮਾਜ ਵਿਚ ਪਾਏ ਯੋਗਦਾਨ ਲਈ ਇਹ ਪੁਰਸਕਾਰ ਚੇਨਈ ਵਿਖੇ ਹੋਏ ਐਵਾਰਡ ਫੰਕਸ਼ਨ ਵਿਚ ਮਿਸ ਲਿਉਰੀਨ ਲਵਲੇਸ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਉਸਦੇ ਪਰਿਵਾਰ ਲਈ ਹੀ ਨਹੀਂ ਸਾਰੇ ਜ਼ਿਲ੍ਹੇ ਲਈ ਫਖ਼ਰ ਦੀ ਗੱਲ ਹੈ। ਰਾਹੁਲ ਧੀਮਾਨ ਨੇ 12ਵੀਂ ਜਮਾਤ ਵਿਚ ਪੜ੍ਹਦਿਆਂ ਆਪਣਾ ਸਮਾਜ ਸੇਵਾ ਦਾ ਸਫਰ ਸ਼ੁਰੂ ਕੀਤਾ। ਉਸਨੇ 'ਯੂਥ ਕੇਅਰ ਸੁਸਾਇਟੀ' ਵਿਚ ਕੰਮ ਕਰਦਿਆਂ ਅਵਾਰਾ ਪਸ਼ੂਆਂ ਦੇ ਕਾਰਨ ਹੁੰਦੇ ਐਕਸੀਡੈਂਟਾਂ ਨੂੰ ਰੋਕਣ ਲਈ ਇਨ੍ਹਾਂ ਪਸ਼ੂਆਂ ਦੇ ਗਲਾਂ ਵਿਚ ਰੇਡੀਅਮ ਦੀ ਬੈਲਟਾਂ ਪਾਉਣੀਆ ਸ਼ੁਰੂ ਕੀਤੀਆਂ। ਸੰਨ 2018 'ਚ ਉਸਨੇ ਆਪਣੀ ਐੱਨਜੀਓ ਸੰਸਥਾ ਬਣਾਈ। ਰਾਸ਼ਟਰਪਤੀ ਐਵਾਰਡੀ ਇੰਦਰਜੀਤ ਨੰਦਨ ਤੋਂ ਉਸਨੂੰ ਦਿਵਿਆਂਗਾਂ ਲਈ ਕੰਮ ਕਰਨ ਦੀ ਪ੍ਰਰੇਰਣਾ ਮਿਲੀ। ਉਸਨੇ ਹੁਸ਼ਿਆਰਪੁਰ ਵਿੱਚ ਦਿਵਿਆਂਗਾਂ ਦੀ ਭਲਾਈ ਦੇ ਨਾਲ ਨਾਲ ਸਵੱਛਤਾ ਅਭਿਆਨ ਲਈ ਵੀ ਕੰਮ ਕੀਤਾ। ਉਸਨੇ ਕੂੜੇ ਦੇ ਢੇਰਾਂ ਦਾ ਸਰਵੇਅ ਕੀਤਾ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ। ਇਸ ਤੋਂ ਇਲਾਵਾ ਸਵੱਛਤਾ ਸਰਵੇਖਣ 2019 ਅਤੇ 2020 ਵਿਚ ਰਾਹੁਲ ਧੀਮਾਨ ਦੀ ਸੰਸਥਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਹਜ਼ਾਰਾਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਚਲਾਈ। ਉਹ 'ਸਵੱਛਤਾ ਐਕਸ਼ਨ ਪਲੈਨ 2019-20' ਰਾਹੀਂ ਜਲ ਜਾਗਰੂਕਤਾ ਮਿਸ਼ਨ ਦਾ ਹਿੱਸਾ ਬਣਿਆ। 2019 ਦੀਆਂ ਆਮ ਚੋਣਾਂ 'ਚ ਉਸਨੇ ਉਸ ਵਕਤ ਦੇ ਐੱਸਡੀਐਮ-ਕਮ- ਇਲੈਕਟੋਰਲ ਅਫ਼ਸਰ ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਦੀ ਅਗਵਾਈ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਚੋਣਾਂ ਵਿਚ ਰਾਹੁਲ ਧੀਮਾਨ ਦੀ ਸੰਸਥਾ ਨੂੰ 10 ਪਿੰਡਾਂ ਦੇ ਦਿਵਿਆਂਗ ਵੋਟਰਾਂ ਦੀਆਂ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਜੋ ਉਸਨੇ ਬਾਖੂਬੀ ਨਿਭਾਉਂਦਿਆਂ 90ਫੀਸਦੀ ਦਿਵਿਆਂਗ ਲੋਕਾਂ ਨੂੰ ਆਪਣੇ ਵੋਟਿੰਗ ਦੇ ਹੱਕ ਦਾ ਇਸਤੇਮਾਲ ਕਰਨ ਵਿਚ ਮਦਦ ਕੀਤੀ। ਉਸਨੇ ਇਕ ਕਲੋਥ ਬੈਂਕ ਵੀ ਬਣਾਇਆ ਤੇ ਝੁੱਗੀਆਂ ਵਿਚ ਜਾ ਕੇ ਗਰੀਬਾਂ ਨੂੰ ਕੱਪੜੇ ਵੀ ਵੰਡਦੇ ਹਨ। ਇਸ ਤੋਂ ਇਲਾਵਾ ਉਹ ਖੂਨਦਾਨੀ ਵੀ ਹੈ। ਉਹ ਲਗਾਤਾਰ ਵਾਤਾਵਰਨ, ਗਰੀਬ ਲੋਕਾਂ ਦੇ ਇਲਾਜ ਵਾਸਤੇ ਅਤੇ ਹੋਰ ਕਈ ਮੁੱਦਿਆਂ ਉੱਪਰ ਬਿਹਤਰ ਕੰਮ ਕਰ ਰਿਹਾ ਹੈ।