ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਮੰਗਲਵਾਰ ਨੂੰ ਐਕਸਾਈਜ਼ ਵਿਭਾਗ ਨੇ 980 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਟਰੱਕ ਨੂੰ ਆਪਣੇ ਕਬਜ਼ੇ 'ਚ ਲਿਆ। ਹਾਲੇ ਤਕ ਨਾ ਤਾਂ ਸ਼ਰਾਬ ਮੰਗਵਾਉਣ ਵਾਲੇ ਦਾ ਪਤਾ ਲੱਗਾ ਸਕਿਆ ਹੈ ਤੇ ਨਾ ਹੀ ਟਰੱਕ ਡਰਾਈਵਰ ਦਾ ਪਰ ਸ਼ਰਾਬ ਬਰਾਮਦਗੀ ਨੂੰ ਲੈ ਕੇ ਵੱਖੋ-ਵੱਖਰੇ ਦਾਅਵੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਈਸ਼ਾ ਕਾਲਿਆ ਨੇ ਦਾਅਵਾ ਕੀਤਾ ਹੈ ਕਿ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਐਕਸਾਈਜ਼ ਵਿਭਾਗ ਨੇ ਬਜਵਾੜਾ ਬਾਈਪਾਸ ਨੇੜਿਓਂ ਜ਼ਬਤ ਕੀਤੀ ਹੈ, ਜਦੋਂ ਕਿ ਡੀਐੱਸਪੀ ਸਿਟੀ ਜਗਦੀਸ਼ ਅਤਰੀ ਨੇ ਥਾਣਾ ਸਿਟੀ 'ਚ ਪ੍ਰੈੱਸ ਕਾਨਫਰੰਸ ਕਰ ਕੇ ਸ਼ਰਾਬ ਦੀ ਇਸ ਖੇਪ ਨੂੰ ਐੱਸਡੀਐੱਮ ਚੌਕ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਧਰ ਫੜੀ ਗਈ ਸ਼ਰਾਬ ਨਾਲ ਐਕਸਾਈਜ਼ ਵਿਭਾਗ ਦੀ ਟੀਮ ਨੇ ਆਪਣੀ ਫੋਟੋ ਖਿਚਵਾ ਕੇ ਅਲੱਗ ਤੋਂ ਪ੍ਰੈੱਸ ਨੋਟ ਜਾਰੀ ਕੀਤਾ ਹੈ।

ਬਜਵਾੜਾ ਬਾਈਪਾਸ ਤੋਂ ਫੜੀ ਗਈ ਸ਼ਰਾਬ : ਡੀਸੀ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਕਾਰਵਾਈ ਕਰਦਿਆਂ 88 ਲੱਖ 20 ਹਜ਼ਾਰ ਮਿਲੀਲਿਟਰ ਸ਼ਰਾਬ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬਜਵਾੜਾ ਬਾਈਪਾਸ ਹੁਸ਼ਿਆਰਪੁਰ ਨੇੜੇ ਇਕ ਟਰੱਕ (ਐੱਚਪੀ-21 ਏ, 5047) ਦੀ ਚੈਕਿੰਗ ਕੀਤੀ ਗਈ, ਜਿਸ 'ਚੋਂ 980 ਪੇਟੀਆਂ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਸ਼ਹਿਰ 'ਚ ਲਿਆਂਦੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ 980 ਪੇਟੀਆਂ (11,760 ਬੋਤਲਾਂ) ਮਾਰਕਾ ਰਾਇਲ ਸੀਕਰੇਟ ਦੀ ਬਾਜ਼ਾਰੀ ਕੀਮਤ 39 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਆਬਕਾਰੀ ਐਕਟ ਦੀ ਧਾਰਾ 61 ਤਹਿਤ ਮਕੱਦਮਾ ਦਰਜ ਕਰ ਕੇ ਜ਼ਿਲ੍ਹਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਦਾ ਦਾਅਵਾ, ਐੱਸਡੀਐੱਮ ਚੌਕ ਤੋਂ ਫੜੀ ਸ਼ਰਾਬ

ਉਧਰ ਥਾਣਾ ਸਿਟੀ 'ਚ ਡੀਐੱਸਪੀ ਸਿਟੀ ਜਗਦੀਸ਼ ਅਤਰੀ ਨੇ ਮੰਗਲਵਾਰ ਨੂੰ ਕਾਨਫਰੰਸ ਕਰ ਕੇ ਇਸ ਸ਼ਰਾਬ ਨੂੰ ਐੱਸਡੀਐੱਮ ਚੌਕ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸਵੇਰੇ ਸਾਢੇ ਸਤ ਵਜੇ ਐਕਸਾਈਜ਼ ਇੰਸਪੈਕਟਰ ਨਿਰੇਸ਼ ਸਹੋਤਾ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਇਕ ਟਰੱਕ (ਐੱਚਪੀ-21ਏ-5047) ਐੱਸਡੀਐੱਮ ਚੌਕ 'ਚ ਖੜ੍ਹਾ ਹੈ, ਜਿਸ ਵਿਚ ਸ਼ੱਕੀ ਸਾਮਾਨ ਲੱਦਿਆ ਹੋਇਆ ਹੈ। ਜਦ ਥਾਣਾ ਸਿਟੀ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਚੋਂ 980 ਪੇਟੀਆਂ ਸ਼ਰਾਬ ਬਰਾਮਦ ਹੋਈ। ਟਰੱਕ ਦੀ ਤਲਾਸ਼ੀ ਲੈਣ 'ਤੇ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ।