ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਕਿਸਾਨ ਸੰਘਰਸ਼ ਕਮੇਟੀ ਦੀ ਸਮੁੱਚੀ ਵਰਕਿੰਗ ਕਮੇਟੀ ਦੀ ਬੈਠਕ ਜਥੇਬੰਦੀ ਦੇ ਕਨਵੀਨਰ ਗੁਰਨਾਮ ਸਿੰਘ ਜਾਹਨਪੁਰ ਤੇ ਗੁਰਪ੍ਰਤਾਪ ਸਿੰਘ ਭੈਣੀ ਪਸਵਾਲ ਦੀ ਪ੍ਰਧਾਨਗੀ ਹੇਠ ਸ਼ੀਤਲਾ ਮਾਤਾ ਮੰਦਰ ਵਿਖੇ ਹੋਈ। ਬੈਠਕ 'ਚ ਕਿਸਾਨੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਸਮੂਹ ਕਾਰਕੁੰਨਾਂ ਨੇ ਖੰਡ ਮਿੱਲ ਮੁਕੇਰੀਆਂ ਵੱਲ ਬਕਾਇਆ ਪਈ ਅਦਾਇਗੀ ਬਾਰੇ ਗੰਭੀਰਤਾ ਨਾਲ ਚਰਚਾ ਕਰਦੇ ਹੋਏ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ।

ਇਸ ਸਮੇਂ ਬੈਠਕ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਦੀਆਂ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਪੂਰੀ ਤਰ੍ਹਾਂ ਨਾ ਦਿੱਤਾ ਜਾਣਾ ਮੰਦਭਾਗਾ ਹੈ ਤੇ ਜਿਸ ਤਰ੍ਹਾਂ ਖੰਡ ਮਿੱਲਾਂ ਦੇ ਪ੍ਰਬੰਧਕਾਂ ਵੱਲੋਂ ਹਠਧਰਮੀ ਵਿਖਾਈ ਜਾ ਰਹੀ ਹੈ ਉਹ ਅਤਿ ਨਿੰਦਣਯੋਗ ਹੈ। ਆਗੂਆਂ ਨੇ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਗੰਨਾ ਕਾਸ਼ਤਕਾਰਾਂ ਦਾ ਸੂਬੇ ਦੀਆਂ ਸਾਰੀਆਂ ਖੰਡ ਮਿੱਲਾਂ ਵੱਲ ਪਏ ਬਕਾਏ ਦੀ ਤੁਰੰਤ ਅਦਾਇਗੀ ਕਰਵਾਈ ਜਾਵੇ, ਖੰਡ ਮਿੱਲਾਂ ਪਹਿਲੀ ਨਵੰਬਰ ਤੋਂ ਚਾਲੂ ਕੀਤੀਆਂ ਜਾਣ, ਖੰਡ ਮਿੱਲ ਮੁਕੇਰੀਆਂ ਤੇ ਕੀੜੀ ਅਫ਼ਗਾਨਾ ਅਧੀਨ ਆਉਂਦੇ ਰਕਬੇ ਦੀ ਮੁੜ ਵੰਡ ਕੀਤੀ ਜਾਵੇ ਤੇ ਝੋਨੇ ਦੀ ਖ਼ਰੀਦ ਲਈ ਨਵੇਂ ਸਿਸਟਮ ਦੀ ਜਗ੍ਹਾ ਤੇ ਪੁਰਾਣੇ ਸਿਸਟਮ ਅਨੁਸਾਰ ਹੀ ਖ਼ਰੀਦ ਕੀਤੀ ਜਾਵੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਉਕਤ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 12 ਅਕਤੂਬਰ ਤੋਂ 15 ਅਕਤੂਬਰ ਦਰਮਿਆਨ ਮੁਕੇਰੀਆਂ ਵਿਧਾਨ ਸਭਾ ਹਲਕੇ ਅੰਦਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਬੈਠਕ 'ਚ ਅਮਰਜੀਤ ਸਿੰਘ ਕਾਨੂੰਗੋ, ਠਾਕੁਰ ਸੁਲੱਖਣ ਸਿੰਘ ਜੱਗੀ, ਸੰਭੂ ਨਾਥ ਭਾਰਤੀ, ਸਤਨਾਮ ਸਿੰਘ ਬਾਗੜੀਆਂ, ਬਲਜੀਤ ਸਿੰਘ ਨੰਬਰਦਾਰ, ਰਜਿੰਦਰ ਸਿੰਘ ਲੋਹਗੜ੍ਹ, ਮਨਜੀਤ ਸਿੰਘ ਕੌਲਪੁਰ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਠਾਕੁਰ ਅਰਜਨ ਸਿੰਘ ਕਜਲਾ, ਬਲਕਾਰ ਸਿੰਘ ਮੱਲ੍ਹੀ, ਸੱਜਣ ਸਿੰਘ ਕਜਲਾ, ਹਰਵਿੰਦਰ ਸਿੰਘ, ਕਰਨੈਲ ਸਿੰਘ, ਕਸ਼ਮੀਰ ਸਿੰਘ, ਹਰਭਜਨ ਸਿੰਘ ਬੱਲੋ ਚੌਹਾਨ, ਮਹਿੰਦਰ ਸਿੰਘ, ਮਨਜੀਤ ਸਿੰਘ ਪੁਰਾਣਾ ਭੰਗਾਲਾ, ਬਲਦੇਵ ਸਿੰਘ, ਸਮਿੰਦਰ ਸਿੰਘ ਛੰਨੀ ਨੰਦ ਸਿੰਘ, ਠਾਕੁਰ ਮਹੇਸ਼ ਰਾਣਾ, ਦਰਸ਼ਨ ਸਿੰਘ ਰੰਧਾਵਾ ਆਦਿ ਹਾਜ਼ਰ ਸਨ ।