ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸ਼ੁੱਕਰਵਾਰ ਸਵੇਰੇ 11 ਵਜੇ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਵੱਲੋਂ ਦਿੱਤੇ ਸੱਦੇ 'ਤੇ ਪੱਗੜੀ ਸੰਭਾਲ ਲਹਿਰ ਪੰਜਾਬ ਦੀ ਅਗਵਾਈ ਵਿਚ ਭਰਾਤਰੀ ਜਥੇਬੰਦੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਮਾਤਾ ਰਾਣੀ ਚੌਂਕ ਮੁਕੇਰੀਆਂ ਵਿਚ ਅਣਮਿੱਥੇ ਸਮੇਂ ਲਈ ਚੱਕਾ ਜਾਮ ਅਤੇ ਰੋਸ ਧਰਨਾ ਆਰੰਭਿਆ ਗਿਆ।

ਇਸ ਸਮੇਂ ਗੱਲਬਾਤ ਕਰਦੇ ਹੋਏ ਪੱਗੜੀ ਸੰਭਾਲ ਲਹਿਰ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬਾਗੜ੍ਹੀਆਂ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਸਾਨਾਂ ਅਤੇ ਨੌਜਵਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਸੂਬੇ ਦੀ ਜਨਤਾ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਦੰਭ ਕਰ ਰਹੀ ਹੈ ਜਦਕਿ ਸਿਆਸੀ ਡਰਾਮੇਬਾਜ਼ੀ ਵਿਚ ਭੁੱਲ ਚੁੱਕੀ ਹੈ ਕਿ ਸੂਬੇ ਦੀ ਕਿਸਾਨੀ ਦਿਨੋ-ਦਿਨ ਨਿਘਾਰ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਠਧਰਮੀ ਨੂੰ ਵੇਖਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਰੀ ਵਸ ਰੋਸ ਧਰਨਾ ਆਰੰਭਣਾ ਪੈ ਰਿਹਾ ਹੈ।

ਸੂਚਨਾ ਲਿਖੇ ਜਾਣ ਤਕ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਜਦਕਿ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Posted By: Seema Anand