Operation Amritpal : ਅੰਮ੍ਰਿਤਪਾਲ ਦੇ ਹੁਸ਼ਿਆਰਪੁਰ 'ਚ ਹੋਣ ਦੇ ਸ਼ੱਕ ਕਾਰਨ ਪੁਲਿਸ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾ ਰਹੀ ਹੈ। ਇਸ ਕਾਰਨ ਦੇਰ ਰਾਤ ਇਕ ਵਜੇ ਪੁਲਿਸ ਨੇ ਦਸੂਹਾ ਤੇ ਆਸਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ। ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਰੰਧਾਵਾ ਸ਼ੂਗਰ ਮਿੱਲ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਰਚ ਅਭਿਆਨ ਦੌਰਾਨ ਪੁਲਿਸ ਵੱਲੋਂ ਰੰਧਾਵਾ ਸ਼ੂਗਰ ਮਿੱਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।
ਪੁਲਿਸ ਨੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ। ਰਾਤ ਕਰੀਬ ਇਕ ਵਜੇ ਸ਼ੁਰੂ ਹੋਇਆ ਇਹ ਤਲਾਸ਼ੀ ਅਭਿਆਨ ਸਵੇਰ ਤਕ ਜਾਰੀ ਰਿਹਾ। ਦੱਸ ਦਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਪਿੰਡ ਮਰਾਨੀਆਂ 'ਚ ਅੰਮ੍ਰਿਤਪਾਲ ਆਪਣੇ ਸਾਥੀ ਸਮੇਤ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਹੁਸ਼ਿਆਰਪੁਰ ਅਤੇ ਆਸਪਾਸ ਦੇ ਇਲਾਕਿਆਂ 'ਚ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਅਜੇ ਹੁਸ਼ਿਆਰਪੁਰ ਵਿੱਚ ਹੀ ਹੈ। ਉਕਤ ਮਿੱਲ ਦਾ ਦੌਰਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਜਿਨ੍ਹਾਂ ਨੂੰ ਇੱਥੇ ਆਉਣ ਬਾਰੇ ਪੁੱਛਿਆ ਗਿਆ। ਪਰ ਕੋਈ ਵੀ ਅਧਿਕਾਰੀ ਸਪੱਸ਼ਟ ਕਹਿਣ ਤੋਂ ਟਾਲਾ ਵੱਟਦਾ ਰਿਹਾ। ਉੱਥੇ ਉਨ੍ਹਾਂ ਦੱਸਿਆ ਕਿ ਸਾਨੂੰ ਜਲਦੀ ਹੀ ਇੱਥੇ ਘਰ ਹਾਜ਼ਰ ਹੋਣ ਲਈ ਕਿਹਾ ਗਿਆ ਸੀ।
Posted By: Seema Anand