ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਪੁਲਿਸ ਨੇ ਕੁਲਦੀਪ ਸਹੋਤਾ ਪਤਨੀ ਹਰਜਿੰਦਰ ਕੁਮਾਰ ਵਾਸੀ ਦੀਪ ਕਾਲੋਨੀ ਗਲੀ ਨੰਬਰ-1 ਵਾਰਡ-6 ਗੜ੍ਹਸ਼ੰਕਰ ਦੇ ਬਿਆਨਾ ਦੇ ਆਧਾਰ 'ਤੇ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ (ਪਤੀ) ਹਰਜਿੰਦਰ ਸਿੰਘ, (ਦਿਓਰ) ਬਲਵਿੰਦਰ ਕੁਮਾਰ ਤੇ ਨਨਾਣ ਨੀਲਮ ਕੁਮਾਰੀ ਵਾਸੀ ਘਾਗੋ ਰੋਲਾਵਾਲੀ ਥਾਣਾ ਗੜ੍ਹਸ਼ੰਕਰ ਦੇ ਰੂਪ 'ਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਕੁਲਦੀਪ ਸਹੋਤਾ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੇ ਹਨ। ਉਸ ਦੇ ਸਹੁਰੇ ਪਿੰਡ 30 ਦਸੰਬਰ ਨੂੰ ਨਵੇਂ ਚੁਣੇ ਗਏ ਘਾਗੋ ਰੋਲਾਵਾਲੀ ਦੇ ਸਰਪੰਚ ਦਾ ਫੋਨ ਆਇਆ ਸੀ ਕਿ ਤੁਹਾਡੀ ਵੋਟ ਪਿੰਡ 'ਚ ਹੈ ਤਾਂ ਤੁਸੀ ਵੋਟ ਪਾਉਣ ਆਓ। ਵੋਟ ਪਾਉਣ ਆਈ ਕੁਲਦੀਪ ਸਹੋਤਾ ਆਪਣੇ ਪੁੱਤਰ ਕੁਨਾਲ ਸਹੋਤਾ ਨਾਲ ਸਹੁਰੇ ਪਿੰਡ ਕਿਸੇ ਰਿਸ਼ਤੇਦਾਰ ਦੇ ਘਰ ਬੈਠੀ ਸੀ ਤਾਂ ਉਥੇ ਉਸ ਦੇ ਪਤੀ, ਨਨਾਣ ਤੇ ਦਿਓਰ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਕੁਲਦੀਪ ਸਿੰਘ ਦਾ ਬੇਟਾ ਜ਼ਖਮੀ ਹੋ ਗਿਆ। ਉਥੇ ਮੌਜੂਦ ਪਿੰਡ ਦੇ ਲੋਕਾਂ ਨੇ ਉਸ ਨੂੰ ਛੁਡਵਾਇਆ ਤੇ ਕੁਲਦੀਪ ਕੌਰ 181 'ਤੇ ਫੋਨ ਕਰਕੇ ਪੁਲਿਸ ਨੂੰ ਇਸ ਸਬੰਦੀ ਸੂਚਨਾ ਦਿੱਤੀ ਸੀ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।