ਪੰਜਾਬੀ ਜਾਗਰਣ ਕੇਂਦਰ, ਸ਼ਾਮ ਚੁਰਾਸੀ : ਪੀਐੱਚਸੀ ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਦੀ ਅਗਵਾਈ ਵਿਚ ਆਸ਼ਾ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਭਦੀਪ ਕੌਰ ਜ਼ਿਲ੍ਹਾ ਕੋਆਰਡੀਨੇਟਰ ਤੇ ਰਿਸਰਚ ਅਫ਼ਸਰ, ਗਗਨ ਅਗਰਵਾਲ ਖਾਸ ਤੌਰ 'ਤੇ ਸ਼ਾਮਲ ਹੋਈਆਂ ਤੇ ਉਨ੍ਹਾਂ ਨੇ ਸੱਪਾਂ ਦੇ ਡੰਗਣ ਬਾਰੇ ਤੇ ਇਸਦੀ ਰਿਪੋਰਟਿੰਗ ਸੰਬੰਧੀ ਆਸ਼ਾ ਵਰਕਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਜ਼ਿਆਦਾਤਰ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਲੋਕਾਂ ਦੀ ਡਰ ਨਾਲ ਹੀ ਮੌਤ ਹੋ ਜਾਂਦੀ ਹੈ। ਪੰਜਾਬ ਵਿਚ ਸਿਰਫ 3 ਤਰ੍ਹਾਂ ਦੇ ਸੱਪ ਹੀ ਜ਼ਹਿਰੀਲੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਤੇ ਉਸ ਉੱਪਰ ਕੁਝ ਵੀ ਲਗਾਉਣਾ ਨਹੀਂ ਚਾਹੀਦਾ ਤੇ ਨਾ ਹੀ ਬਾਬਿਆਂ ਦੇ ਚੱਕਰਾਂ ਵਿਚ ਪੈਣਾ ਚਾਹੀਦਾ ਹੈ। ਇਸਦਾ ਇੱਕੋ ਇੱਕ ਇਲਾਜ ਹੈ ਕਿ ਐਂਟੀ ਸਨੇਕ ਵੈਨਮ ਦਾ ਟੀਕਾ ਜੋ ਕਿ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰ ਆਪਣੇ ਪਿੰਡ ਸੱਪ ਦੇ ਡੰਗਣ ਦੀ ਘਟਨਾ ਨੂੰ ਜ਼ਰੂਰ ਰਿਪੋਰਟ ਕਰਨ ਤਾਂ ਕਿ ਇਸਦੀ ਸਹੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਇਸ ਮੌਕੇ ਐੱਸਐੱਮਓ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਆਸ਼ਾ ਵਰਕਰਾਂ ਪਿੰਡ ਪੱਧਰ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਕਿ ਸੱਪ ਦੇ ਡੰਗਣ ਤੇ ਤੁਰੰਤ ਮਰੀਜ਼ ਨੂੰ ਹਸਪਤਾਲ ਲੈ ਕੇ ਜਾਓ। ਜ਼ਹਿਰ ਰੋਕੂ ਟੀਕੇ ਤੇ ਹੋਰਨਾਂ ਦਵਾਈਆਂ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸੀਆ ਕਿ ਮਣਕੇ ਲਗਾਉਣ ਜਾਂ ਝਾੜ ਫੂਕ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ। ਇਸ ਮੌਕੇ ਹਰਦੀਪ ਸਿੰਘ ਬੀਈਈ, ਅਜੇ ਕੁਮਰਾ, ਸਗਰਦੀਪ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।