ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸਮਾਜ ਚਿੰਤਕ ਅਤੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਵੱਲੋਂ ਮੰਡੀ ਵਿਚ ਵਸੂਲੇ ਜਾਂਦੇ ਗੁੰਡਾ ਟੈਕਸ ਦੇ ਵਿਰੋਧ ਵਿਚ ਰੇਹੜੀ ਅਤੇ ਫੜ੍ਹੀ ਵਾਲਿਆਂ ਨੂੰ ਨਾਲ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਮੰਗਲਵਾਰ ਨੂੰ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਚੱਲਦੇ ਬੁੱਧਵਾਰ ਨੂੰ ਮੰਡੀ ਦੇ ਮੁੱਖ ਗੇਟ 'ਤੇ ਰੇਟ ਲਿਸਟ ਦੀ ਫਲੈਕਸ ਲਾ ਦਿੱਤੀ ਗਈ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਮੰਡੀ ਵਿਚ ਮਿਲੀਭੁਗਤ ਦੀ ਖੇਡ ਜਦੋਂ ਤਕ ਖਤਮ ਨਹੀਂ ਹੋ ਜਾਂਦੀ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਕੱਟੀ ਜਾਂਦੀ ਪਰਚੀ 'ਤੇ ਜੀਐੱਸਟੀ ਤਾਂ ਲਿਖਿਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਜੀਐੱਸਟੀ ਨੰਬਰ ਹੀ ਨਹੀਂ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਜੀਐੱਸਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਸ ਬਾਰੇ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਮੰਡੀ ਵਿਚ ਜਿੱਥੇ ਗੁੰਡਾ ਟੈਕਸ ਲੈ ਕੇ ਗਰੀਬਾਂ ਨੂੰ ਲੁੱਟਿਆ ਦਾ ਰਿਹਾ ਹੈ, ਉੱਥੇ ਹੀ ਜੀਐੱਸਟੀ ਦੀ ਵੀ ਚੋਰੀ ਕਰ ਕੇ ਸਰਕਾਰ ਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਲਈ ਇਸ ਮਾਮਲੇ ਜੀ ਜਾਂਚ ਬਹੁਤ ਜ਼ਰੂਰੀ ਹੈ। ਸਚਦੇਵਾ ਨੇ ਦੱਸਿਆ ਕਿ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਸਚਦੇਵਾ ਨੇ ਦੱਸਿਆ ਕਿ ਮੰਡੀ ਵਿਚ ਰੇਹੜੀ ਅਤੇ ਫੜੀ ਵਾਲਿਆਂ ਤੋਂ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਲਿਆ ਗਿਆ, 13 ਦਿਨਾਂ ਦਾ ਪੈਸਾ ਜਦੋਂ ਤਕ ਵਾਪਸ ਨਹੀਂ ਦਿੱਤਾ ਜਾਂਦਾ, ਉਦੋਂ ਤਕ ਉਹ ਚੁੱਪ ਨਹੀਂ ਬੈਠਣਗੇ ਤੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਰੇਹੜੀ ਅਤੇ ਫੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਕਜੱੁਟ ਹੋ ਕੇ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਖੜੇ੍ਹ ਹੋਣ 'ਤੇ ਉਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਡੀ ਵਿਚ ਵਿਵਸਥਾ ਸੁਚਾਰੂ ਨਹੀਂ ਹੋ ਜਾਂਦੀ, ਉਦੋਂ ਤਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।