ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਪੁਲਿਸ ਵੱਲੋਂ ਪੱਚੀ ਗ੍ਰਾਮ ਹੈਰੋਇਨ ਤੇ 1 ਲੱਖ 8 ਹਜ਼ਾਰ 507 ਰੁਪਏ ਨਕਦੀ ਸਮੇਤ ਪਤੀ-ਪਤਨੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਉਹ ਪੁਲਿਸ ਪਾਰਟੀ ਸਮੇਤ ਨੰਗਲ ਰੋਡ 'ਤੇ ਪਿੰਡ ਗੜ੍ਹੀ ਮੌਜੂਦ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਸ਼ੇ ਦਾ ਵੱਡੇ ਪੱਧਰ 'ਤੇ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਨਰੇਸ਼ ਕੁਮਾਰ ਹੁਸਨਾ ਪੁੱਤਰ ਕੇਵਲ ਕ੍ਰਿਸ਼ਨ ਅਤੇ ਰਜਨੀ ਬਾਲਾ ਪਤਨੀ ਨਰੇਸ਼ ਕੁਮਾਰ ਦੋਵੇਂ ਵਾਸੀ ਚੱਕ ਰੌਤਾਂ ਥਾਣਾ ਗੜ੍ਹਸ਼ੰਕਰ ਆਪਣੀ ਕਾਰ ਵਿਚ ਨਸ਼ਾ ਰੱਖ ਕੇ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ। ਜੇਕਰ ਰੇਡ ਕੀਤੀ ਜਾਵੇ ਤਾਂ ਦੋਵੇਂ ਕਾਬੂ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਘਰ ਰੇਡ ਕਰ ਕੇ ਆਈ-20 ਕਾਰ, ਪੱਚੀ ਗ੍ਰਾਮ ਹੈਰੋਇਨ 1 ਲੱਖ 8 ਹਜ਼ਾਰ 507 ਰੂਪਏ ਡਰਗ ਮਨੀ, 18 ਮੋਬਾਈਲ ਫੋਨ, 4 ਕੰਡੇ, ਚਾਰ ਸਰਿੰਜਾਂ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ ਕਈ ਮਾਮਲੇ ਦਰਜ ਹਨ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।