ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਮੁਕੇਰੀਆਂ ਦੇ ਤਤਕਾਲੀਨ ਬੀਡੀਪੀਓ ਹੀਰਾ ਸਿੰਘ ਤੇ ਦਰਜਾ ਚਾਰ ਮਹਿਲਾ ਮੁਲਾਜ਼ਮ ਅੰਜੂ ਬਾਲਾ ਵੱਲੋਂ ਲਗਾਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ਬੀਡੀਪੀਓ ਦਾ ਤਾਂ ਚੰਡੀਗੜ੍ਹ ਵਿਖੇ ਤਬਾਦਲਾ ਕਰ ਦਿੱਤਾ ਗਿਆ ਪਰ ਪੀੜ੍ਹਤਾਂ ਅੰਜੂ ਬਾਲਾ ਦੇ ਤਬਾਦਲੇ ਨੂੰ ਰੱਦ ਨਾ ਕੀਤੇ ਜਾਣ ਦੇ ਰੋਸ ਵੱਜੋਂ ਮੰਗਲਵਾਰ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੀੜ੍ਹਤਾ ਦੀ ਬਦਲੀ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਐੱਸਡੀਐੱਮ ਦਫ਼ਤਰ ਮੂਹਰੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਆਰੰਭ ਦਿੱਤੀ। ਠਾਕੁਰ ਸੁਲੱਖਣ ਸਿੰਘ ਜੱਗੀ ਤੇ ਸ਼ੰਭੂ ਨਾਥ ਭਾਰਤੀ ਦੀ ਅਗਵਾਈ 'ਚ ਸ਼ੁਰੂ ਹੋਈ ਭੁੱਖ ਹੜਤਾਲ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੁੱਜ ਕੇ ਸੰਘਰਸ਼ ਦਾ ਸਮਰਥਨ ਕੀਤਾ ਤੇ ਪੀੜ੍ਹਤਾਂ ਅੰਜੂ ਬਾਲਾ ਨੂੰ ਇਨਸਾਫ਼ ਮਿਲਣ 'ਚ ਹੋ ਰਹੀ ਦੇਰੀ ਖ਼ਿਲਾਫ਼ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰਾਂ ਤੇ ਹੋਰ ਆਗੂਆਂ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਇਨਸਾਫ਼ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਭੂ ਨਾਥ ਭਾਰਤੀ ਤੇ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਏਡੀਸੀ ਹੁਸ਼ਿਆਰਪੁਰ ਦੁਆਰਾ ਜਾਂਚ ਰਿਪੋਰਟ ਪੇਸ਼ ਕੀਤੇ ਜਾਣ ਉਪਰੰਤ ਵੀ ਪੀੜ੍ਹਤਾਂ ਅੰਜੂ ਬਾਲਾ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਦੇ ਚਲਦਿਆਂ ਜਿੱਥੇ ਅਜੇ ਤਕ ਅੰਜੂ ਬਾਲਾ ਦੀ ਬਦਲੀ ਰੱਦ ਨਹੀਂ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਬੀਡੀਪੀਓ ਹੀਰਾ ਸਿੰਘ ਖ਼ਿਲਾਫ਼ ਮਾਮਲਾ ਵੀ ਦਰਜ ਨਹੀਂ ਕੀਤਾ ਜਾ ਸਕਿਆ। ਇਸਦੇ ਨਾਲ ਹੀ ਬੀਡੀਪੀਓ ਹੀਰਾ ਸਿੰਘ ਦੁਆਰਾ ਦਫ਼ਤਰ ਅੰਦਰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗ਼ਲਤ ਤਰੀਕੇ ਨਾਲ ਰੱਖੇ ਮੁਲਾਜਮਾਂ ਖ਼ਿਲਾਫ਼ ਵੀ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਜਿਸ ਤੋਂ ਸਾਫ਼ ਜਾਹਰ ਹੈ ਕਿ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਹੇਠਾਂ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਅਣਗਹਿਲੀ ਵਰਤ ਰਹੇ ਹਨ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਸੰਘਰਸ਼ ਕਮੇਟੀ ਦੀਆਂ ਤਿੰਨ ਪ੍ਰਮੁੱਖ ਮੰਗਾਂ ਨਾ ਮੰਨੀਆਂ ਗਈਆਂ ਉਦੋਂ ਤਕ ਭੁੱਖ ਹੜਤਾਲ ਨਿਰਵਿਘਨ ਜਾਰੀ ਰੱਖੀ ਜਾਵੇਗੀ। ਇਸ ਮੌਕੇ ਭੁੱਖ ਹੜਤਾਲ 'ਚ ਨਿਰਮਲ ਸਿੰਘ ਥੇਹ ਬਰਨਾਲਾ, ਪ੍ਰਸ਼ੋਤਮ ਸਿੰਘ, ਅੰਜਨਾ ਕਟੋਚ, ਕਰਮਜੀਤ ਸੰਧੂ, ਮਨਜਿੰਦਰ ਸਿੰਘ ਮਹਿਤਾਬਪੁਰ, ਪ੍ਰਦੀਪ ਕਟੋਚ, ਮੇਜਰ ਬਲਬੀਰ ਸਿੰਘ, ਸੁਰੇਸ਼ ਕੁਮਾਰ, ਰੌਸ਼ਨ ਲਾਲ, ਸਾਬਕਾ ਸਰਪੰਚ ਬਲਦੇਵ ਸਿੰਘ, ਗੁਰਮੇਲ ਸਿੰਘ, ਰਜਿੰਦਰ ਸਿੰਘ ਲੋਹਗੜ੍ਹ ਸਮੇਤ ਹੋਰ ਆਗੂਆਂ ਨੇ ਭੁੱਖ ਹੜਤਾਲ 'ਚ ਸ਼ਿਰਕਤ ਕਰ ਕੇ ਪੀੜ੍ਹਤਾ ਅੰਜੂ ਬਾਲਾ ਲਈ ਇਨਸਾਫ ਦੀ ਮੰਗ ਕੀਤੀ ।