ਜ਼ਿਲ੍ਹਾ ਉਪ-ਪ੍ਰਧਾਨ ਸਚਿਨ ਸਮਿਆਲ ਨੇ ਪਾਰਟੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਜ਼ਿਲ੍ਹਾ ਉਪ-ਪ੍ਰਧਾਨ ਸਚਿਨ ਸਮਿਆਲ ਨੇ ਪਾਰਟੀ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
Publish Date: Tue, 09 Dec 2025 04:24 PM (IST)
Updated Date: Tue, 09 Dec 2025 04:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਮੁਕੇਰੀਆਂ: ਇੱਥੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ-ਪ੍ਰਧਾਨ ਸਚਿਨ ਸਮਿਆਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਮੁਕੇਰੀਆਂ ਦੇ ਪਿੰਡ ਸੰਗੋ ਕਤਰਾਲਾ ਵਿਖੇ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ। ਇਸ ਸਮੇਂ ਜ਼ੋਨ ਸੰਗੋ ਕਤਰਾਲਾ ਤੋਂ ਪੰਚਾਇਤ ਸੰਮਤੀ ਉਮੀਦਵਾਰ ਪ੍ਰੇਮ ਚੰਦ ਉਚੇਚੇ ਤੌਰ 'ਤੇ ਉਨ੍ਹਾਂ ਨਾਲ ਹਾਜ਼ਰ ਰਹੇ। ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸਚਿਨ ਸਮਿਆਲ ਨੇ ਕਿਹਾ ਕਿ ਮੌਜ਼ੂਦਾ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਲ ਅਸਫ਼ਲ ਸਾਬਤ ਹੋਈ ਹੈ ਤੇ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਲੋਕਾਂ ਦੇ ਜੀਵਨ ਵਿੱਚ ਕੋਈ ਵੀ ਸਾਰਥਕ ਬਦਲਾਅ ਨਹੀਂ ਲਿਆਂਦਾ। ਚਾਹੇ ਉਹ ਬੇਰੁਜ਼ਗਾਰੀ ਘਟਾਉਣ ਦਾ ਮਾਮਲਾ ਹੋਵੇ, ਖੇਤੀ ਸੰਕਟ, ਸਿਹਤ ਸਹੂਲਤਾਂ ਜਾਂ ਕਾਨੂੰਨ-ਵਿਵਸਥਾ ਸਰਕਾਰ ਹਰ ਮੁਹਾਜ 'ਤੇ ਪੰਜਾਬ ਨੂੰ ਪਿੱਛੇ ਹੀ ਲੈ ਕੇ ਗਈ ਹੈ। ਸਮਿਆਲ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਜੰਗਲ ਰਾਜ ਤੋਂ ਅੱਕ ਚੁੱਕੇ ਲੋਕਾਂ ਦਾ ਝੁਕਾਅ ਦਿਨ-ਬ-ਦਿਨ ਕਾਂਗਰਸ ਵੱਲ ਹੋ ਰਿਹਾ ਹੈ ਤੇ ਸਿਰਫ਼ ਕਾਂਗਰਸ ਪਾਰਟੀ ਹੀ ਪਿੰਡਾਂ ਦਾ ਅਸਲ ਵਿਕਾਸ ਕਰਵਾ ਕੇ ਲੋਕਾਂ ਦੀਆਂ ਆਸਾਂ ਤੇ ਖ਼ਰ੍ਹਾ ਉਤਰ ਸਕਦੀ ਹੈ। ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ ਉਤਾਰੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਕਾਹਲੋਂ, ਸਾਬਕਾ ਸਰਪੰਚ ਜਨਕ ਸਿੰਘ ਡਡਵਾਲ, ਪੰਡਿਤ ਹਰੀਸ਼, ਸਾਬਕਾ ਸਰਪੰਚ ਅਨਿਲ ਰਾਣਾ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।