ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ

ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਪੈਂਦੇ ਅੱਤੋਵਾਲ ਵਿਖੇ ਇਕ ਬੰਦ ਪਏ ਗੈਸ ਸਿਲੰਡਰ ਦਾ ਅਚਾਨਕ ਰੈਗੂਲੇਟਰ ਫੱਟ ਗਿਆ, ਜਿਸ ਕਾਰਨ ਘਰ ਵਿਚ ਮੌਜੂਦ ਪਰਿਵਾਰਿਕ ਮੈਂਬਰਾਂ ਦੇ ਬੇਹੋਸ਼ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਅੱਤੋਵਾਲ ਵਾਸੀ ਜਤਿੰਦਰ ਸਿੰਘ ਮਾਣਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਅਤੇ ਉਸ ਦੀ ਪਤਨੀ ਆਪਣੀ ਕਰਿਆਨੇ ਦੀ ਦੁਕਾਨ ਵਿਚ ਬੈਠੇ ਸਨ ਕਿ ਅਚਾਨਕ ਦੁਕਾਨ ਦੇ ਉੱਪਰ ਬਣੀ ਰਿਹਾਇਸ਼ ਵਿਚੋਂ ਇਕ ਜ਼ੋਰਦਾਰ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ ਇਸੇ ਦੌਰਾਨ ਉਸ ਦੀ ਅਠਾਰਾਂ ਸਾਲਾਂ ਬੇਟੀ ਚੀਕਾਂ ਮਾਰਦੀ ਹੋਈ ਪੌੜੀਆਂ ਰਾਹੀਂ ਹੇਠਾਂ ਉੱਤਰੀ। ਜਦੋਂ ਉਹ ਧਮਾਕੇ ਦੀ ਆਵਾਜ਼ ਸੁਣ ਕੇ ਘਬਰਾਇਆ ਹੋਇਆ ਪੌੜੀਆਂ ਵੱਲ ਭੱਜਾ ਤਾਂ ਉੱਪਰ ਜਾ ਕੇ ਦੇਖਿਆ ਕਿ ਰਸੋਈ ਵਿਚ ਗੈਸ ਦੀ ਬਦਬੂ ਫੈਲੀ ਹੋਈ ਸੀ ਅਤੇ ਧਮਾਕੇ ਨਾਲ ਸਿਲੰਡਰ ਉੱਪਰ ਲੱਗਾ ਰੈਗੂਲੇਟਰ ਫੱਟ ਕੇ ਬਿਖਰ ਚੁੱਕਾ ਸੀ।

ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਐੱਚਪੀ ਗੈਸ ਸਰਵਿਸ ਵੱਲੋਂ ਖਰੀਦਿਆ ਹੋਇਆ ਗੈਸ ਸਿਲੰਡਰ, ਚੁੱਲ੍ਹਾ, ਰੈਗੂਲੇਟਰ ਅਤੇ ਪਾਈਪ ਵਰਤਦੇ ਹਨ ਜੋ ਕਿ ਸਬੰਧਿਤ ਗੈਸ ਏਜੰਸੀ ਵੱਲੋਂ ਦਿੱਤਾ ਗਿਆ ਹੈ। ਗੈਸ ਸਿਲੰਡਰ ਦਾ ਰੈਗੂਲੇਟਰ ਫੱਟ ਜਾਣ ਨਾਲ ਉਨ੍ਹਾਂ ਦਾ ਸਾਰਾ ਪਰਿਵਾਰ ਸਹਿਮਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਲੀਕ ਹੋਈ ਗੈਸ ਉਨ੍ਹਾਂ ਦੀ ਬੇਟੀ ਦੇ ਦਿਮਾਗ ਨੂੰ ਚੜ੍ਹ ਜਾਣ ਕਾਰਨ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਈ ਅਤੇ ਡਾਕਟਰੀ ਇਲਾਜ ਉਪਰੰਤ ਉਸ ਦੀ ਹਾਲਤ ਹੁਣ ਸਥਿਰ ਹੈ। ਜ਼ਿਕਰਯੋਗ ਹੈ ਕਿ ਸਿਲੰਡਰ ਦਾ ਰੈਗੂਲੇਟਰ ਫੱਟਣ ਵੇਲੇ ਗੈਸ ਚੁੱਲ੍ਹਾ ਬੰਦ ਪਿਆ ਸੀ। ਜੇਕਰ ਗੈਸ ਚੁੱਲ੍ਹਾ ਬਲਦੇ ਸਮੇਂ ਅਜਿਹਾ ਹਾਦਸਾ ਹੁੰਦਾ ਤਾਂ ਹਾਦਸਾ ਜਾਨਲੇਵਾ ਸਾਬਿਤ ਹੋ ਸਕਦਾ ਸੀ ਅਤੇ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੀ।

ਕੀ ਕਹਿੰਦੇ ਨੇ ਗੈਸ ਏਜੰਸੀ ਮਾਲਿਕ

ਜਦੋਂ ਇਸ ਸਬੰਧੀ ਹੁਸ਼ਿਆਰਪੁਰ ਵਿਖੇ ਗੈਸ ਏਜੰਸੀ ਦੇ ਮਾਲਕ ਅਵਤਾਰ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਹ ਘਟਨਾ ਵਾਲੇ ਘਰ ਪਹੁੰਚੇ ਅਤੇ ਫਟੇ ਹੋਏ ਰੈਗੂਲੇਟਰ ਦਾ ਬੱਚਿਆ ਹੋਇਆ ਹਿੱਸਾ ਆਪਣੇ ਕਬਜ਼ੇ ਵਿਚ ਇਹ ਕਹਿ ਕੇ ਲੈ ਲਿਆ ਕਿ ਉਹ ਇਸ ਦੀ ਜਾਂਚ ਕਰਵਾਉਣਗੇ।

ਪਹਿਲਾਂ ਵੀ ਵਾਪਰ ਚੱੁਕਾ ਹੈ ਵੱਡਾ ਹਾਦਸਾ

ਸੂਤਰਾਂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਪਿੰਡ ਅੱਤੋਵਾਲ ਵਿਖੇ ਇੱਕ ਗੈਸ ਸਿਲੰਡਰ ਲੀਕ ਹੋ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ ਜਿਸ ਵਿੱਚ ਮਾਂ ਬੇਟੀ ਪੂਰੀ ਤਰ੍ਹਾਂ ਝੁਲਸ ਗਈਆਂ ਸਨ ਅਤੇ ਬਾਅਦ ਵਿੱਚ ਮਾਂ ਦੀ ਜਾਨ ਚਲੀ ਗਈ ਸੀ। ਗੈਸ ਸਿਲੰਡਰ ਦਾ ਰੈਗੂਲੇਟਰ ਫੱਟਣ ਨਾਲ ਵਾਪਰੀ ਅੱਜ ਦੀ ਇਹ ਘਟਨਾ ਇਲਾਕੇ ਵਿੱਚ ਅੱਗ ਵਾਂਗ ਫੈਲ ਚੁੱਕੀ ਹੈ ਅਤੇ ਲੋਕ ਪੂਰੀ ਤਰ੍ਹਾਂ ਸਹਿਮੇ ਹੋਏ ਹਨ।