ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹੇ 'ਚ ਬਿਆਸ ਦਰਿਆ 'ਤੇ ਕਰਵਾਏ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਤੋਂ ਬਾਅਦ ਹੁਣ ਜ਼ਿਲ੍ਹੇ 'ਚ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਹੋ ਰਹੇ ਹਨ, ਜੋ ਜ਼ਿਲ੍ਹਾ ਵਾਸੀਆਂ ਲਈ ਆਕਰਸ਼ਣ ਦਾ ਕੇਂਦਰ ਬਣਨਗੇ। ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ 21 ਨਵੰਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਸਵੇਰੇ 7 ਵਜੇ ਤੋਂ ਸ਼ਾਮ 5.30 ਵਜੇ ਤਕ ਡਿਜੀਟਲ ਮਿਊਜ਼ੀਅਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਜਿਸ ਤਹਿਤ 7 ਵੱਖਰੀਆਂ-ਵੱਖਰੀਆਂ ਅੱੈਲਈਡੀਜ਼ ਹੋਣਗੀਆਂ। ਉਪਰੰਤ ਮਲਟੀ ਮੀਡੀਆ ਲੇਜ਼ਰ ਸ਼ੋਅ ਵੀ ਸੰਗਤਾਂ ਲਈ ਆਕਰਸ਼ਣ ਦਾ ਕੇਂਦਰ ਰਹੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 22 ਨਵੰਬਰ ਨੂੰ ਸਵੇਰੇ 7 ਤੋਂ ਸ਼ਾਮ 5.30 ਵਜੇ ਤਕ ਡਿਜੀਟਲ ਮਿਊਜ਼ੀਅਮ ਤੋਂ ਬਾਅਦ ਸ਼ਾਮ 6.15 ਵਜੇ ਤੋਂ 7 ਵਜੇ ਤਕ ਪਹਿਲਾ ਤੇ 7.45 ਤੋਂ ਰਾਤ 8.30 ਵਜੇ ਤਕ ਦੂਜਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 23 ਨਵੰਬਰ ਨੂੰ ਸਵੇਰੇ 7 ਤੋਂ ਸ਼ਾਮ 5.30 ਵਜੇ ਤਕ ਡਿਜੀਟਲ ਮਿਊਜ਼ੀਅਮ ਤੇ ਸ਼ਾਮ 6.15 ਵਜੇ ਤੋਂ ਉਕਤ ਸਮੇਂ ਅਨੁਸਾਰ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ। ਉਨ੍ਹਾਂ ਦੱਸਿਆ ਕਿ ਇਕ ਲਾਈਟ ਐਂਡ ਸਾਊਂਡ ਸ਼ੋਅ 45 ਮਿੰਟ ਦਾ ਹੋਵੇਗਾ ਅਤੇ 22 ਤੇ 23 ਨਵੰਬਰ ਨੂੰ ਰੋਜ਼ਾਨਾ 2 ਸ਼ੋਅ ਦਿਖਾਏ ਜਾਣਗੇ।

ਈਸ਼ਾ ਕਾਲੀਆ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੀ ਜੀਵਨੀ, ਉਦਾਸੀਆਂ ਅਤੇ ਉਪਦੇਸ਼ਾਂ ਬਾਰੇ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਕਰਵਾਏ ਜਾ ਰਹੇ ਇਸ ਸ਼ੋਅ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਿਰਕਤ ਕੀਤੀ ਜਾਵੇ, ਤਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਹਰੇਕ ਵਿਅਕਤੀ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਦਾਖਲਾ ਬਿਲਕੁਲ ਮੁਫਤ ਹੈ।