- ਹਫ਼ਤੇ 'ਚ ਰਜਿਸਟਰੇਸ਼ਨ ਨਾ ਕਰਵਾਈ ਤਾਂ ਕੀਤੇ ਜਾਣਗੇ ਜ਼ਿਲ੍ਹੇ ਦੇ ਸਾਰੇ ਵੇਲਣੇ ਸੀਲ

- ਪਿਛਲੇ ਮਹੀਨੇ ਭਰਿਆ ਸੀ ਸੈਂਪਲ, ਸੈਂਪਲ ਫੇਲ੍ਹ ਹੋਣ 'ਤੇ ਗੁੜ ਦਾ ਵੇਲਣਾ ਕੀਤਾ ਸੀਲ

ਫੋਟੋ 137 ਪੀ - ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ, ਰਮਨ ਵਿਰਦੀ ਤੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਵੇਲਣਾ ਸੀਲ ਕਰਦੇ ਹੋਏ।

-

ਸੁਖਵਿੰਦਰ ਸੁੱਖੀ, ਹੁਸ਼ਿਆਰਪੁਰ : ਗੁੜ ਦੇ ਵੇਲਣੇ ਬਾਰੇ ਲੋਕਾਂ ਦੇ ਮਨ 'ਚ ਸ਼ੰਕਾਂ ਬਣੀ ਹੋਈ ਹੈ ਕਿ ਇਹ ਗੁੜ ਖਾਣ ਦੇ ਯੋਗ ਹੈ ਜਾਂ ਨਹੀਂ। ਇਸ ਦੇ ਸਬੰਧ 'ਚ ਸਿਹਤ ਵਿਭਾਗ ਤੇ ਖੇਤੀਬਾੜੀ ਅਤੇ ਪਲੂਸ਼ਣ ਕੰਟਰੋਲ ਵੱਲੋਂ ਸਾਂਝੇ ਤੌਰ 'ਤੇ ਇਨ੍ਹਾਂ ਵੇਲਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਤੇ ਖਾਣਯੋਗ ਗੁੜ ਤੇ ਸ਼ੱਕਰ ਮੁਹੱਈਆ ਕਰਵਾਈ ਜਾ ਸਕੇ। ਇਸ ਦੇ ਚਲਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਤੇ ਰਮਨ ਵਿਰਦੀ ਵੱਲੋਂ ਗੁੜ ਦੇ ਕਈ ਵੇਲਣਿਆਂ ਦੇ ਮਾਲਕਾਂ ਨੂੰ ਨੋਟਿਸ ਤੇ ਇਕ ਵੇਲਣਾ ਜਲੰਧਰ ਰੋਡ 'ਤੇ ਸੀਲ ਕਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਪਿਛਲੀ ਵਾਰ ਗੁਜਿੰਦਰ ਦੇ ਵੇਲਣੇ ਤੋਂ ਸੈਂਪਲ ਲਿਆ ਸੀ ਜੋ ਕਿ ਸੈਂਪਲ ਫੇਲ੍ਹ ਹੋਣ ਕਾਰਨ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵੇਲਣੇ ਦੇ ਮਾਲਕਾਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਵੇਲਣਿਆਂ ਦੀ ਰਜਿਸਟਰੇਸ਼ਨ ਨਾ ਕਰਵਾਈ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵੇਲਣੇ ਸੀਲ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਤੋਂ ਆਏ ਪਰਵਾਸੀ ਆਪਣੇ ਨਾਲ ਲਿਆਂਦੇ ਅਜਿਹੇ ਘਟੀਆ ਗੁੜ ਨੂੰ ਮੁੜ ਰਸ 'ਚ ਕਾੜ੍ਹ ਕੇ ਤੇ ਕੈਂਸਰ ਪੈਦਾ ਕਰਨ ਵਾਲੇ ਜ਼ਹਿਰੀਲੇ ਰੰਗ ਦਾ ਬੇਹਤਹਾਸ਼ਾ ਵਰਤੋਂ ਕਰਕੇ ਅਜਿਹਾ ਗੁੜ ਤਿਆਰ ਕਰ ਰਹੇ ਹਨ ਜੋ ਦੇਖਣ ਨੂੰ ਤਾਂ ਬਾਹਰੋਂ ਸਾਫ਼ ਤੇ ਵਧੀਆ ਨਜ਼ਰ ਆਉਂਦਾ ਹੈ, ਪਰ ਅਸਲ 'ਚ ਇਹ ਮੌਤ ਨੂੰ ਅਵਾਜ਼ਾਂ ਮਾਰਨ ਵਾਲਾ ਇਕ ਮਿੱਠਾ ਜ਼ਹਿਰ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀ ਮਜ਼ਦੂਰ ਬਾਹਰਲੇ ਰਾਜਾਂ ਤੋਂ ਘਟੀਆ ਗੁੜ ਲਿਆ ਕੇ ਤੇ ਉਸ 'ਚ ਰੰਗ ਦੀ ਵਰਤੋਂ ਕਰਕੇ ਉਸ ਨੂੰ ਵੇਚ ਰਹੇ ਹਨ ਤੇ ਮੋਟਾ ਮੁਨਾਫਾ ਕਮਾ ਰਹੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਇਸ 'ਚ ਲੋੜ ਤੋਂ ਵੱਧ ਰੰਗ ਪਾਇਆ ਜਾ ਰਿਹਾ ਹੈ, ਜਿਸ ਦੇ ਖਾਣ ਨਾਲ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁੜ ਲੈਣ ਤੋਂ ਪਹਿਲਾਂ ਜਾਂਚ ਕਰ ਲੈਣੀ ਚਹੀਦੀ ਹੈ।