ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਗੁਰਦੁਆਰਾ ਨਨਕਾਣਾ ਸਾਹਿਬ ਦੇ ਖੁੱਲੇ੍ਹ ਦਰਸ਼ਨ ਦੀਦਾਰਾਂ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤ ਨੂੰ ਵਧਾਈਆਂ ਦਿੰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖੀ ਜੀਵਨ ਦੇ ਭਲੇ ਲਈ ਉਚਾਰਨ ਕੀਤੀ ਬਾਣੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ 'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਤੇ 'ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ' ਭਾਵ ਮਨੁੱਖ ਨੂੰ ਜੀਵਨ ਦੇਣ ਵਾਲੇ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਕਰਨਾ ਹਰ ਮਨੁੱਖ ਦਾ ਫਰਜ ਹੈ। ਉਨ੍ਹਾਂ ਕਿਹਾ ਘਾਤਕ ਪਰਮਾਣੂ ਹਥਿਆਰਾਂ ਦੀ ਦੋੜ ਤੇ ਤਕਨਾਲੋਜੀ ਦੇ ਯੁੱਗ 'ਚ ਪਸ਼ੂ, ਪੰਛੀਆਂ ਦਾ ਜੀਵਨ ਅਲੋਪ ਹੁੰਦਾ ਜਾ ਰਿਹਾ ਹੈ ਜੋ ਕਿ ਮਨੁੱਖ ਦੀ ਜ਼ਿੰਦਗੀ ਦੇ ਬਹੁਤ ਅਨਮੋਲ ਹਿੱਸਾ ਹਨ। ਉਨ੍ਹਾਂ ਕਿਹਾ ਵਾਤਾਵਰਨ ਦੀ ਸ਼ੁਧਤਾ ਨਾਲ ਮਨੁੱਖੀ ਜੀਵਨ ਲਈ ਵਰਦਾਨ ਇਨ੍ਹਾਂ ਕੁਦਰਤ ਦੇ ਅਨਮੋਲ ਖ਼ਜ਼ਾਨਿਆਂ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਧਰਤੀ ਨੂੰ ਬੰਜਰ ਬਣਨ ਤੋਂ ਬਚਾਉਣ ਲਈ ਗੁਰੂਆਂ ਦੀ ਬਾਣੀ ਨੂੰ ਪੜ੍ਹਨ ਦੇ ਨਾਲ ਨਾਲ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਬਸਪਾ ਆਗੂ ਭਗਵਾਨ ਦਾਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਆਗਮਨ ਪੁਰਬ 'ਤੇ ਰਾਜਨੀਤਕ ਪਾਰਟੀਆਂ ਵੱਲੋਂ ਅਲੱਗ ਅਲੱਗ ਸਟੇਜਾਂ ਲਾ ਕੇ ਆਪਣੀ ਹੈਂਕੜਬਾਜੀ ਦਾ ਮੁਜ਼ਾਹਰਾ ਕਰਨ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਜੀ ਨੇ ਕਿਹਾ ਸੀ 'ਹਊਮੈ ਵੱਡਾ ਰੋਗ ਹੈ' ਭਾਵ ਦੁਨੀਆ ਦੀਆਂ ਸਾਰੀਆਂ ਬਿਮਾਰੀਆਂ ਤੋਂ ਖਤਰਨਾਕ ਰੋਗ ਹੰਕਾਰ ਹੈ, ਜਿਸ ਨੂੰ ਕਾਂਗਰਸ ਅਤੇ ਅਕਾਲੀ ਭਾਜਪਾ ਆਗੂ ਤਿਆਗਣਾ ਨਹੀਂ ਚਹੁੰਦੇ। ਇਸੇ ਕਰਕੇ ਇਸ ਮਹਾਨ ਦਿਨ ਤੇ ਸੰਗਤ ਨੂੰ ਪਿਆਰ, ਭਾਈਚਾਰਾ ਅਤੇ ਬਰਾਬਰਤਾ ਦਾ ਸੁਨੇਹਾ ਦੇਣ ਦੀ ਵਜਾਏ ਅਲੱਗ ਅਲੱਗ ਧੜਿਆਂ 'ਚ ਵੰਡ ਰਹੇ ਹਨ ।