ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ 'ਤੇ ਦੋ ਦਿਨਾਂ ਕਰਵਾਇਆ ਗਿਆ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਗੁਰੂ ਸਾਹਿਬ ਦੇ ਫਰਮਾਨ ਹਵਾ, ਪਾਣੀ ਤੇ ਧਰਤ ਨੂੰ ਬਚਾਉਣ ਲਈ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੋਇਆ ਪਿੰਡ ਗੰਧੂਵਾਲ (ਟਾਂਡਾ, ਹੁਸ਼ਿਆਰਪੁਰ) ਲਈ ਰਵਾਨਾ ਹੋ ਗਿਆ, ਜਿੱਥੇ 23 ਤੇ 24 ਅਕਤੂਬਰ ਨੂੰ ਸ਼ੋਅ ਹੋ ਰਹੇ ਹਨ। ਐਤਵਾਰ ਹੋਏ ਸ਼ੋਅ ਦੌਰਾਨ ਬਿਆਸ ਦਰਿਆ 'ਚੋਂ ਨਿਕਲੀ ਅਲੌਕਿਕ ਰੌਸ਼ਨੀ ਨੇ ਜਿੱਥੇ ਚੁਫੇਰਾ ਜਗਮਗਾ ਦਿੱਤਾ, ਉਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਲਗਾਤਾਰ ਦੂਸਰੇ ਦਿਨ ਬਹੁਤ ਹੀ ਨਿਮਰਤਾ ਤੇ ਸ਼ਰਧਾ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਧੁਨਿਕ ਤਕਨੀਕ ਰਾਹੀਂ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ' 23 ਅਤੇ 24 ਅਕਤੂਬਰ ਨੂੰ ਪਿੰਡ ਗੰਧੂਵਾਲ (ਟਾਂਡਾ, ਹੁਸ਼ਿਆਰਪੁਰ) ਨੇੜੇ ਬਿਆਸ ਦਰਿਆ 'ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ਦੀ ਝਲਕ ਪੇਸ਼ ਕਰਦਾ ਮਾਡਲ ਬਿਆਸ ਦਰਿਆ ਰਾਹੀਂ ਹੀ ਪਿੰਡ ਗੰਧੂਵਾਲ ਨੇੜੇ ਪਹੁੰਚੇਗਾ।

ਗੁਰੂ ਸਾਹਿਬ ਨੇ ਪਵਨ ਨੂੰ ਦਿੱਤਾ ਗੁਰੂ ਸਮਾਨ ਦਰਜਾ : ਡੀਸੀ

ਈਸ਼ਾ ਕਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ 'ਪਵਣੁ ਗੁਰੁ ਪਾਣੀ ਪਿਤਾ, ਮਾਤਾ ਧਰਤਿ ਮਹਤੁ'। ਇਸ ਫਰਮਾਨ ਅਨੁਸਾਰ ਗੁਰੂ ਸਾਹਿਬ ਨੇ ਪਵਨ ਨੂੰ ਸਭ ਤੋਂ ਵੱਧ ਮਹੱਤਤਾ ਦਿੰਦੇ ਹੋਏ ਗੁਰੂ ਸਮਾਨ ਦਰਜਾ ਦਿੱਤਾ ਹੈ, ਇਸ ਲਈ ਸਾਡਾ ਸਭ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਇਸ ਹੁਕਮ ਅਨੁਸਾਰ ਪਵਨ ਭਾਵ ਹਵਾ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ। ਇਸੇ ਵਾਕ ਅਨੁਸਾਰ ਗੁਰੂ ਸਾਹਿਬ ਨੇ ਧਰਤੀ ਨੂੰ ਮਾਤਾ ਸਮਾਨ ਦਰਜਾ ਦਿੱਤਾ ਹੈ। ਖੇਤਾਂ 'ਚ ਪਰਾਲੀ ਸਾੜਨ ਨਾਲ ਜਿੱਥੇ ਪਵਨ ਦੂਸ਼ਿਤ ਹੁੰਦੀ ਹੈ ਅਤੇ ਉਸ ਦੀ ਪਵਿੱਤਰਤਾ ਨਸ਼ਟ ਹੁੰਦੀ ਹੈ, ਉਥੇ ਮਾਂ ਸਮਾਨ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਦੇ ਨਾਲ ਹੀ ਖੇਤਾਂ 'ਚ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ ਧਰਤੀ ਮਾਂ ਦੀ ਗੋਦ 'ਚ ਵਿਚਰਨ ਵਾਲੇ ਲੱਖਾਂ-ਕਰੋੜਾਂ ਸੂਖਮ ਜੀਵ ਵੀ ਸੜ ਜਾਂਦੇ ਹਨ। ਇਸ ਕਰਕੇ ਪਰਾਲੀ ਨਾ ਸਾੜਕੇ ਸੱਚੇ ਰੂਪ 'ਚ ਗੁਰੂ ਸਾਹਿਬ ਦੇ ਇਸ ਫਰਮਾਨ ਅਨੁਸਾਰ ਪਵਨ ਤੇ ਧਰਤੀ ਦੋਹਾਂ ਦਾ ਸਨਮਾਨ ਤੇ ਮਹੱਤਤਾ ਕਾਇਮ ਰੱਖੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਪਾਣੀ ਨੂੰ ਪਿਤਾ ਸਮਾਨ ਦਰਜਾ ਦਿੱਤਾ ਗਿਆ ਹੈ, ਇਸ ਲਈ ਪਾਣੀ, ਹਵਾ ਅਤੇ ਧਰਤ ਨੂੰ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ 'ਚ 550 ਪੌਦੇ ਵੀ ਲਗਾਏ ਜਾ ਰਹੇ ਹਨ, ਤਾਂ ਜੋ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਣਾਇਆ ਜਾ ਸਕੇ।

4 ਸ਼ੋਆਂ ਦੌਰਾਨ 12 ਹਜ਼ਾਰ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ

ਈਸ਼ਾ ਕਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਕਰਵਾਉਣਾ ਪੰਜਾਬ ਸਰਕਾਰ ਦਾ ਇਕ ਨਿਵੇਕਲਾ ਉਦਮ ਹੈ, ਜਿਸ ਦਾ ਮੁੱਖ ਮੰਤਵ ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ 'ਚ ਕਰਵਾਏ ਗਏ ਇਨ੍ਹਾਂ 4 ਸ਼ੋਆਂ ਦੌਰਾਨ ਕਰੀਬ 12 ਹਜ਼ਾਰ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਸਡੀਐੱਮ ਦਸੂਹਾ ਜੋਤੀ ਬਾਲਾ, ਡੀਐੱਸਪੀ ਦਸੂਹਾ ਅਨਿਲ ਭਨੋਟ, ਡੀਐੱਸਪੀ (ਐੱਚ) ਦਲਜੀਤ ਸਿੰਘ ਖੱਖ, ਐਕਸੀਅਨ ਡਰੇਨੇਜ਼ ਵਿਭਾਗ ਜੇਐੱਸ ਕਲਸੀ ਤੋਂ ਇਲਾਵਾ ਸਮਾਜਿਕ, ਧਾਰਮਿਕ ਸਖਸ਼ੀਅਤਾਂ, ਪ੍ਰਸ਼ਾਸਨਿਕ ਅਧਿਕਾਰੀ ਤੇ ਭਾਰੀ ਗਿਣਤੀ 'ਚ ਸੰਗਤ ਹਾਜ਼ਰ ਸੀ।