ਸਟਾਫ ਰਿਪੋਰਟਰ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਐਨ ਵਿਚਕਾਰ ਸਥਿਤ ਰੌਸ਼ਨ ਗਰਾਊਂਡ ਵਿਖੇ ਚੱਲ ਰਹੇ ਪੰਜ ਦਿਨਾਂ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਆ ਰਹੇ ਸ਼ਰਧਾਲੂਆਂ 'ਤੇ ਹਰ ਪਲ ਖ਼ਤਰਾ ਮੰਡਰਾਅ ਰਿਹਾ ਹੈ।ਇਹ ਖ਼ਤਰਾ ਕਿਸੇ ਹੋਰ ਚੀਜ਼ ਦਾ ਨਹੀਂ ਸਗੋਂ ਥਾਣਾ ਮਾਡਲ ਟਾਉੂਨ ਦੇ ਬਾਹਰ ਖੜ੍ਹਾ ਪੁਲਿਸ ਵੱਲੋਂ ਫੜਿਆ ਗਿਆ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਹੈ, ਜਿਸ ਨੂੰ ਮਾਡਲ ਟਾਉੂਨ ਪੁਲਿਸ ਨੇ ਇਕ ਸੜਕ ਹਾਦਸੇ ਦੇ ਮਾਮਲੇ 'ਚ ਆਪਣੇ ਕਬਜ਼ੇ 'ਚ ਲਿਆ ਹੋਇਆ ਹੈ। ਉਕਤ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਿਛਲੇ ਕਈ ਦਿਨ ਤੋਂ ਇੱਥੇ ਹੀ ਖੜ੍ਹਾ ਹੈ। ਇਹ ਟਰੱਕ ਥਾਣਾ ਮਾਡਲ ਟਾਉੂਨ ਦੇ ਗੇਟ ਦੇ ਬਿਲਕੁੱਲ ਨੇੜੇ ਹੈ ਤੇ ਰੌਸ਼ਨ ਗਰਾਊਂਡ 'ਚ ਚੱਲ ਰਹੇ ਧਾਰਮਿਕ ਸਮਾਗਮ ਦੀ ਸਟੇਜ ਦੇ ਵੀ ਨੇੜੇ ਹੈ। ਜ਼ਿਕਰਯੋਗ ਹੈ ਕਿ ਥਾਣਾ ਮਾਡਲ ਟਾਉੂਨ ਵਿਖੇ ਆਉਣ ਜਾਣ ਵਾਲੇ ਲੋਕਾਂ ਲਈ ਇਕ ਚਾਹ ਦੀ ਕੰਟੀਨ ਖੁੱਲੀ ਹੋਈ ਹੈ ਜੋ ਸਿਲੰਡਰਾਂ ਨਾਲ ਭਰੇ ਟਰੱਕ ਦੇ ਬਿਲਕੁੱਲ ਨੇੜੇ ਹੈ ਇਹ ਟਰੱਕ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦਾ ਹੈ। ਥਾਣਾ ਮਾਡਲ ਟਾਉੂਨ ਪੁਲਿਸ ਦੀ ਲਾਪਰਵਾਹੀ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਹੈ। ਪ੍ਰਸ਼ਾਸਨ ਦੀ ਅਣਗਹਿਲੀ ਨੇ ਰੌਸ਼ਨ ਗਰਾਊਂਡ 'ਚ ਹੋ ਰਹੇ ਵੱਡੇ ਧਾਰਮਿਕ ਸਮਾਗਮ ਦੌਰਾਨ ਹਜ਼ਾਰਾਂ ਜਾਨਾਂ ਨੂੰ ਖ਼ਤਰੇ 'ਚ ਪਾਇਆ ਹੋਇਆ ਹੈ। ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਐੱਸਆਈਟੀ ਤੇ ਕਈ ਤਰ੍ਹਾਂ ਦੀਆਂ ਹੋਰ ਜਾਂਚ ਕਮੇਟੀਆਂ ਬਣਾ ਕੇ ਜਾਂਚ ਕਰਵਾਉਣ ਦਾ ਹਵਾਲਾ ਦੇ ਕੇ ਸਖ਼ਤ ਕਾਰਵਾਈ ਕਰਨ ਦੀ ਬਿਆਨਬਾਜ਼ੀ ਕਰਦਾ ਹੈ, ਪਰ ਸਵਾਲ ਇਹ ਹੈ ਕਿ ਸਮਾਂ ਰਹਿੰਦੇ ਇਸ ਖ਼ਤਰੇ ਨੂੰ ਕਿਤੇ ਸੁਰੱਖਿਅਤ ਜਗ੍ਹਾ 'ਤੇ ਕਿਉਂ ਨਹੀਂ ਲੈ ਜਾਇਆ ਜਾ ਰਿਹਾ

ਕੀ ਕਹਿਣਾ ਡੀਐੱਸਪੀ ਦਾ

ਇਸ ਸਬੰਧੀ ਜਦੋਂ ਡੀਐੱਸਪੀ ਜਗਦੀਸ਼ ਅਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਟਰੱਕ ਸਬੰਧੀ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਸਬੰਧਤ ਟਰੱਕ ਮਾਲਿਕ ਨੂੰ ਇਹ ਟਰੱਕ ਲੇਜਾਣ ਲਈ ਕਿਹ ਦਿੱਤਾ ਗਿਆ ਹੈ। ਜਲਦੀ ਹੀ ਇਹ ਟਰੱਕ ਇਥੋਂ ਹਟਾ ਦਿੱਤਾ ਜਾਵੇਗਾ।