ਸਤਨਾਮ ਲੋਈ, ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਲਕਸੀਹਾਂ ਦੇ ਇਕ ਵਿਅਕਤੀ ਦੇ ਬੀਮਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਏਜੰਟ ਨੇ ਖ਼ਪਤਕਾਰ ਨੂੰ ਪੂਰੇ ਪੈਸੇ ਦੇਣ ਦੀ ਬਜਾਏ ਮਿਲਣ ਵਾਲੀ ਰਕਮ 'ਚੋਂ ਹੀ ਪੈਸੇ ਕੱਟ ਕੇ ਆਪ ਹੀ ਵਿਅਕਤੀ ਦੇ ਦਸਤਖ਼ਤ ਕਰ ਕੇ ਨਵਾਂ ਬੀਮਾ ਕਰ ਦਿੱਤਾ। ਹੁਣ ਪੈਸੇ ਲੈਣ ਲਈ ਖ਼ਪਤਕਾਰ ਦਫ਼ਤਰਾਂ 'ਚ ਖ਼ੱਜਲ-ਖ਼ੁਆਰ ਹੋ ਰਿਹਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲਕਸੀਹਾਂ ਨੇ ਪੁਲਿਸ ਅਤੇ ਜੀਵਨ ਬੀਮਾ ਨਿਗਮ ਗੜ੍ਹਸ਼ੰਕਰ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਕਰਕੇ ਦੱਸਿਆ ਕਿ ਉਸ ਨੇ ਹੇਮ ਰਾਜ ਲਾਖਾ ਨਾਮਕ ਏਜੰਟ ਕੋਲੋਂ 28 ਜਨਵਰੀ 1994 ਨੂੰ ਪਾਲਿਸੀ ਨੰਬਰ 130935933 ਅਧੀਨ ਜੀਵਨ ਬੀਮਾ ਕਰਵਾਇਆ ਸੀ, ਜਿਹੜਾ ਕਿ 28 ਜਨਵਰੀ 2019 ਨੂੰ ਪਰਿਪੱਕ ਹੋ ਗਿਆ। ਉਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਆਪਣੇ ਪੈਸੇ ਲੈਣ ਲਈ ਏਜੰਟ ਹੇਮਰਾਜ ਲਾਖਾ ਨੂੰ ਆਪਣੇ ਸਾਰੇ ਕਾਗ਼ਜ਼ ਪੱਤਰ ਦੇ ਦਿੱਤੇ ਤੇ ਬੀਮਾ ਕੰਪਨੀ ਵੱਲੋਂ ਮਿਲੇ ਪੱਤਰਾਂ ਅਨੁਸਾਰ ਉਨ੍ਹਾਂ ਨੂੰ 82,220 ਰੁਪਏ ਮਿਲਣੇ ਸਨ। ਉਨ੍ਹਾਂ ਦੱਸਿਆ ਕਿ ਹੇਮਰਾਜ ਨੇ ਉਨ੍ਹਾਂ ਨੂੰ 75,469 ਰੁਪਏ ਦਾ ਚੈੱਕ ਦਿੱਤਾ ਤੇ ਬਕਾਇਆ ਰਾਸ਼ੀ ਬਾਅਦ 'ਚ ਮਿਲਣ ਦਾ ਕਹਿ ਕੇ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਗੁਆਂਢੀ ਪਿੰਡ ਦੇ ਅਤੇ ਆਪਣੇ ਭਰੋਸੇ ਦੇ ਇਕ ਏਜੰਟ ਕੋਲੋਂ ਨਵਾਂ ਬੀਮਾ ਕਰਵਾਇਆ ਤਾਂ ਉਸ ਨੇ ਪੈਸੇ ਜਮ੍ਹਾਂ ਕਰਵਾਉਂਦੇ ਸਮੇਂ ਦੱਸਿਆ ਕਿ ਤੁਹਾਡਾ ਇਕ ਹੋਰ ਬੀਮਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਗੜ੍ਹਸ਼ੰਕਰ ਦੇ ਦਫ਼ਤਰ ਜਾ ਕੇ ਪਤਾ ਕੀਤਾ ਤਾਂ ਉਨ੍ਹਾਂ ਦੇ ਜਾਅਲੀ ਦਸਤਖ਼ਤਾਂ ਹੇਠ ਇਕ ਨਵਾਂ ਬੀਮਾ ਕੀਤਾ ਹੋਇਆ ਸੀ ਜਿਸ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਏਜੰਟ ਹੇਮਰਾਜ ਨਾਲ ਸੰਪਰਕ ਕੀਤਾ ਤਾਂ ਉਹ ਪਹਿਲਾਂ ਤਾਂ ਟਾਲ ਮਟੋਲ ਕਰਦਾ ਰਿਹਾ ਤੇ ਜਦੋਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਤਾਂ ਹੇਮ ਰਾਜ ਲਾਖਾ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਸਾਰੇ ਕੰਮ ਕਰਵਾਉਂਦਾ ਰਿਹਾ ਪਰ ਨਵਾਂ ਬੀਮਾ ਤੁਸੀ ਹੋਰ ਏਜੰਟ ਤੋਂ ਕਰਵਾ ਲਿਆ ਹੈ। ਇਸ ਲਈ ਮੈਂ ਵੀ ਬੀਮਾ ਕੀਤਾ ਹੈ ਜੋ ਮੇਰਾ ਹੱਕ ਬਣਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਏਜੰਟ ਨੇ ਧੋਖੇ ਨਾਲ ਆਪ ਹੀ ਉਸ ਦੇ ਦਸਤਖ਼ਤ ਕਰ ਕੇ ਬੀਮਾ ਕਰ ਦਿੱਤਾ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ।

-ਦਸਤਖ਼ਤ ਬਲਜੀਤ ਨੇ ਹੀ ਕੀਤੇ ਹਨ ਇਨ੍ਹਾਂ ਨੂੰ ਯਾਦ ਨਹੀਂ : ਹੇਮ ਰਾਜ ਲਾਖਾ

ਇਸ ਸਬੰਧੀ ਏਜੰਟ ਹੇਮਰਾਜ ਲਾਖਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਦਸਤਖ਼ਤ ਇਨ੍ਹਾਂ ਕੋਲੋਂ ਹੀ ਕਰਵਾਏ ਹਨ ਇਨ੍ਹਾਂ ਨੂੰ ਯਾਦ ਨਹੀਂ। ਇਹ ਕਿਸੇ ਹੋਰ ਬੀਮਾ ਏਜੰਟ ਦੇ ਚੈੱਕ ਵਿਚ ਆ ਗਏ ਹਨ। ਜਿਵੇਂ ਕੁੱਤੇ ਦਾ ਕੁੱਤਾ ਵੈਰੀ ਹੁੰਦਾ ਹੈ ਉਸੇ ਤਰ੍ਹਾਂ ਏਜੰਟ ਵੀ ਇਕ ਦੂਜੇ ਦੇ ਵੈਰੀ ਹਨ। ਇਨ੍ਹਾਂ ਦੇ ਪੈਸੇ ਜਲਦੀ ਮੋੜ ਦਿੱਤੇ ਜਾਣਗੇ। ਇਹ ਕਾਹਲੇ ਪੈ ਗਏ ਹਨ ।