-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਥਾਨਕ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਮੇਂ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਗਿੱਧਾ, ਭੰਗੜਾ ਤੇ ਐਕਸ਼ਨ ਸਾਂਗ ਸਮੇਤ ਹੋਰ ਵੰਨਗੀਆਂ ਨਾਲ ਸਮਾਂ ਬੰਨ੍ਹੀ ਰੱਖਿਆ। ਇਸ ਮੌਕੇ ਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਪਲੀਮੈਂਟ ਤੇ ਤੋਹਫੇ ਭੇਟ ਕੀਤੇ। ਸਮਾਗਮ ਦੌਰਾਨ ਮਿਸਟਰ ਫੇਅਰਵੈੱਲ ਤੇ ਮਿਸ ਫੇਅਰਵੈੱਲ ਦੇ ਮੁਕਾਬਲੇ ਕਰਵਾਏ ਗਏ ਜਿਸ 'ਚ ਅਧਿਆਪਕ ਮਨੁਜ ਮਿਸ਼ਰਾ ਤੇ ਅਧਿਆਪਕਾ ਅੰਜ਼ਲੀ ਠਾਕੁਰ ਨੇ ਬਤੌਰ ਜੱਜ ਭੂਮਿਕਾ ਨਿਭਾਈ। ਮੁਕਾਬਲੇ ਦੌਰਾਨ ਵਿਸ਼ਾਲ ਨੂੰ ਮਿਸਟਰ ਫੇਅਰਵੈੱਲ ਤੇ ਮੁਸਕਾਨ ਨੂੰ ਮਿਸ ਫੇਅਰਵੈੱਲ ਦੇ ਖਿਤਾਬ ਨਾਲ ਨਿਵਾਜਿਆ ਗਿਆ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਅਧਿਆਪਕਾਂ ਨੂੰ ਤੋਹਫੇ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।

ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਮੈਡਮ ਨੀਰੂ ਮੁਲਤਾਨੀ ਤੇ ਵਾਈਸ ਪਿ੍ੰਸੀਪਲ ਮੈਡਮ ਅਰਚਨਾ ਸੂਦਨ ਨੇ ਵਿਦਿਆਰਥੀਆਂ ਨੂੰ ਪਿਆਰ, ਅਸੀਸਾਂ ਤੇ ਆਉਣ ਵਾਲੇ ਇਮਤਿਹਾਨਾਂ ਲਈ ਸ਼ੁੱਭ-ਇੱਛਾਵਾਂ ਦਿੰਦੇ ਹੋਏ ਭਵਿੱਖ 'ਚ ਗਿਆਨ, ਮਿਹਨਤ ਤੇ ਨੈਤਿਕ ਗੁਣਾਂ ਦੇ ਧਾਰਨੀ ਬਣਦੇ ਹੋਏ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸ਼ਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਖੇਤਰ 'ਚ ਸਫ਼ਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ ਤੇ ਸਫ਼ਲਤਾ ਦਾ ਕੋਈ ਸ਼ਾਰਟਕਟ ਨਹੀਂ ਹੈ। ਉਨ੍ਹਾਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫੇ ਵੀ ਭੇਟ ਕੀਤੇ।

ਇਸ ਮੌਕੇ ਅਧਿਆਪਕਾ ਸੋਨਿਕਾ, ਮੀਤੂ, ਪ੍ਰੀਤੀ ਅਗਨੀਸ਼, ਸਪਨਾ, ਅੰਜਲੀ ਠਾਕੁਰ, ਰਾਜਿੰਦਰ ਕੌਰ, ਕੋਮਲ, ਜਗਮੋਹਨ, ਦਿਨੇਸ਼ ਕੁਮਾਰ, ਵਿਜੇ ਕੁਮਾਰ, ਤਜਿੰਦਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।