ਸੁਖਵਿੰਦਰ ਸਰਮਾਲ, ਹੁਸ਼ਿਆਰਪਰ: ਹੁਸ਼ਿਆਰਪੁਰ ਵਿਖੇ ਛੇਵੇਂ ਦਿਨ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ ਦੋ ਅਧਿਕਾਰੀਆਂ ਸਮੇਤ ਚਾਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਹੁਸ਼ਿਆਰਪੁਰ ਦੇ ਐੱਸਡੀਐੱਮ ਅਮਿਤ ਮਹਾਜਨ ਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਵਾਂ ਦੀ ਟਿਰੂਨਿਟ ਮਸ਼ੀਨ ਨਾਲ ਸਿਵਲ ਹਸਪਤਾਲ 'ਚ ਸੈਂਪਲ ਲਏ ਸਨ, ਜਿਸ ਦੀ ਰਿਪੋਰਟ ਪ੍ਰਾਪਤ ਹੋਣ 'ਤੇ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੀਰਵਾਰ ਮਿਉਂਸੀਪਲ ਕਾਰਪੋਰੇਸ਼ਨ ਅਤੇ ਐੱਸਡੀਐੱਮ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਲਏ ਜਾਣਗੇ।

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਬਲਾਕ ਚੱਕੋਵਾਲ ਨਾਲ ਸਬੰਧਤ ਇਕ ਜਲੰਧਰ ਜੇਲ੍ਹ 'ਚ ਬੰਦ 25 ਸਾਲਾ ਹਵਾਲਾਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਇਸੇ ਤਰ੍ਹਾਂ ਮੁਕੇਰੀਆਂ ਸਬ ਡਿਵੀਜਨ ਨਾਲ ਸਬੰਧਤ 25 ਸਾਲਾ ਜਲੰਧਰ ਦੇ ਨਿੱਜੀ ਹਸਪਤਾਲ ਦੀ ਨਰਸ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਡਾ. ਜਸਵੀਰ ਨੇ ਦੱਸਿਆ ਕਿ ਹਵਾਲਾਤੀ ਤੇ ਨਰਸ ਨੂੰ ਜਲੰਧਰ ਦੇ ਕੋਵਿਡ ਕੇਅਰ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਡੀਐੱਮ ਤੇ ਕਮਿਸ਼ਨਰ ਨੂੰ ਆਪਣੇ-ਆਪਣੇ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ, ਜੋ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 193 ਹੋ ਗਈ ਹੈ ਤੇ 7 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 171 ਮਰੀਜ਼ ਠੀਕ ਹੋ ਚੁੱਕੇ ਹਨ।

ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 301 ਨਵੇਂ ਸੈਂਪਲ ਲੈਣ ਨਾਲ ਜ਼ਿਲ੍ਹੇ 'ਚ ਹੁਣ ਤਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 15,602 ਹੋ ਗਈ ਹੈ, ਜਿਸ ਵਿਚੋਂ 14,653 ਸੈਂਪਲ ਨੈਗੇਟਿਵ ਤੇ 745 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਤੇ 29 ਸੈਂਪਲ ਇਨਵੈਲਡ ਹਨ।

Posted By: Jagjit Singh