ਸਤਨਾਮ ਲੋਈ, ਮਾਹਿਲਪੁਰ : ਬਾਅਦ ਦੁਪਹਿਰ ਸਬ-ਤਹਿਸੀਲ ਮਾਹਿਲਪੁਰ ’ਚ ਉਸ ਵੇਲੇ ਖ਼ਲਬਲੀ ਮਚ ਗਈ ਜਦੋਂ ਸਬ ਤਹਿਸੀਲ ਵਿਚ ਇਕ ਸਾਬਕਾ ਫ਼ੌਜੀ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਰਜਿਸਟਰੀ ਕਲਰਕ ਮਨਜੀਤ ਸਿੰਘ, ਵਸੀਕਾ ਨਵੀਸ ਰਜਿੰਦਰ ਨਾਥ ਅਤੇ ਇਕ ਇਨ੍ਹਾਂ ਦਾ ਏਜੰਟ ਬਲਵਿੰਦਰ ਲਾਲ ਨੂੰ ਕਾਬੂ ਕਰ ਲਿਆ।

ਜਾਣਕਾਰੀ ਅਨੁਸਾਰ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰਬਰ 13 ਸਾਬਕਾ ਫ਼ੌਜੀ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਸ਼ਹਿਰ ਵਿਚ ਦੇ ਦੋ ਸੱਤ-ਸੱਤ ਮਰਲੇ ਦੇ ਪਲਾਟ ਸਨ ਜਿਨ੍ਹਾਂ ਦੀ ਰਜਿਸਟਰੀ ਕੀਮਤ ਸੱਤ ਲੱਖ਼ ਬਣਦੀ ਸੀ ਅਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਉਸ ਦੇ ਸਬ ਤਹਿਸੀਲ ਵਿਚ ਛੱਡੇ ਏਜੰਟ ਬਲਵਿੰਦਰ ਲਾਲ ਵਾਸੀ ਸੀਣਾ, ਵਸੀਕਾ ਨਵੀਸ ਰਜਿੰਦਰ ਨਾਥ ਵਾਸੀ ਹੁਸ਼ਿਆਰਪੁਰ, ਰਜਿਸਟਰੀ ਕਲਰਕ ਮਨਜੀਤ ਸਿੰਘ ਵਾਸੀ ਧੱਪਲਾਂ ਨੇ ਮਿਲੀਭੁਗਤ ਕਰਕੇ ਰਜਿਸਟਰੀ ਕਰਵਾਉਣ ਲਈ ਲਈ ਬਾਰਾਂ ਹਜ਼ਾਰ ਰੁਪਏ ਦੀ ਮੰਗ ਕੀਤੀ। ਫ਼ੌਜੀ ਧਰਮ ਸਿੰਘ ਨੇ ਪੈਸੇ ਘੱਟ ਕਰਨ ਲਈ ਬਹੁਤ ਤਰਲੇ ਕੀਤੇ ਪਰੰਤੂ ਜਦੋਂ ਕੁਝ ਅਸਰ ਨਾ ਹੋਇਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ ਅਤੇ ਰਜਿਸਟਰੀ ਲਈ ਮਿੱਥੇ ਸਮੇਂ ’ਤੇ ਸਵੇਰ ਸਾਰ ਹੀ ਵਿਜੀਲੈਂਸ ਟੀਮ ਜਿਸ ਵਿਚ ਡੀਐੱਸਪੀ ਨਰੰਜਣ ਸਿੰਘ ਹੁਸ਼ਿਆਰਪੁਰ, ਡੀਐੱਸਪੀ ਸੁਰਿੰਦਰ ਸਿੰਘ ਨਵਾਂਸ਼ਹਿਰ, ਥਾਣੇਦਾਰ ਅਜੇ ਸਿੰਘ ਅਤੇ ਹੋਰ ਅਮਲੇ ਨੇ ਸਬ ਤਹਿਸੀਲ ਵਿਚ ਡੇਰੇ ਲਗਾ ਲਏ ਅਤੇ ਸ਼ਾਮ ਤਿੰਨ ਵਜੇ ਰਜਿਸਟਰੀ ’ਤੇ ਨਾਇਬ ਤਹਿਸੀਲਦਾਰ ਦੇ ਦਸਤਖ਼ਤ ਹੁੰਦੇ ਹੀ ਵਿਜੀਲੈਂਸ ਟੀਮ ਨੇ ਦਫ਼ਤਰ ਅੰਦਰ ਦਾਖ਼ਲ ਹੋ ਕੇ ਅੰਦਰਲੇ ਕੁੰਡੇ ਲਗਾ ਦਿੱਤੇ ਅਤੇ ਕਿਸੇ ਵੀ ਵਿਅਕਤੀ ਸਮੇਤ ਮੀਡੀਆ ਦੇ ਵੀ ਅੰਦਰ ਜਾਣ ਤੋਂ ਮਨਾਹੀ ਕਰ ਦਿੱਤੀ। ਵਿਜੀਲੈਂਸ ਵਿਭਾਗ ਦੀ ਟੀਮ ਦੇ ਕੁਝ ਕਰਮਚਾਰੀਆਂ ਨੇ ਆਪ੍ਰੇਸ਼ਨ ਦੌਰਾਨ ਅੰਦਰ ਰਹਿ ਗਏ ਆਪਣੇ ਕੰਮਾਂ ਲਈ ਆਏ ਲੋਕਾਂ ਨਾਲ ਬਦਤਮੀਜੀ ਵੀ ਕੀਤੀ। ਇਸ ਸਬੰਧੀ ਡੀਐੱਸਪੀ ਵਿਜੀਲੈਂਸ ਹੁਸ਼ਿਆਰਪੁਰ ਨਰੰਜਣ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਜੇ ਕੁਝ ਵੀ ਨਹੀਂ ਕਹਿ ਸਕਦੇ।

Posted By: Jagjit Singh