ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਹੁਸ਼ਿਆਰਪੁਰ ਦੇ ਸਾਬਕਾ ਮੇਅਰ ਅਤੇ ਸਾਬਕਾ ਐੱਮਪੀ ਕਮਲ ਚੌਧਰੀ ਦੇ ਚਚੇਰੇ ਭਰਾ ਬੱਬੀ ਚੌਧਰੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ਭਗਤ ਕਾਲਜ ਦੇ ਚੇਅਰਮੈਨ ਬਲਵਿੰਦਰ ਸਿੰਘ ਵੀ ‘ਆਪ’ ’ਚ ਸ਼ਾਮਲ ਹੋ ਗਏ।

ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਆਪ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ ਨੇ ਦੁਆਬੇ ਦੇ ਆਗੂਆਂ ਦਾ ਰਸਮੀ ਤੌਰ ’ਤੇ ਪਾਰਟੀ ’ਚ ਸਵਾਗਤ ਕੀਤਾ।

ਹਰਪਾਲ ਸਿੰਘ ਚੀਮਾ ਨੇ ਬੱਬੀ ਚੌਧਰੀ ਅਤੇ ਬਲਵਿੰਦਰ ਸਿੰਘ ਸਮੇਤ ਹੋਰ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸੁਹਿਰਦ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।

ਬੱਬੀ ਚੌਧਰੀ ਦਾ ਪਰਿਵਾਰ ਦੁਆਬਾ ਖੇਤਰ ਦਾ ਸਤਿਕਾਰਤ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਬੱਬੀ ਚੌਧਰੀ ਹੁਸ਼ਿਆਰਪੁਰ ਨਿਗਮ ਦੇ ਮੇਅਰ ਰਹੇ ਹਨ ਅਤੇ ਉਨਾਂ ਦੇ ਪਰਿਵਾਰ ਵਿਚੋਂ ਕਮਲ ਚੌਧਰੀ 4 ਵਾਰ ਲੋਕ ਸਭਾ ਮੈਂਬਰ ਅਤੇ ਚਾਚਾ ਬਲਬੀਰ ਸਿੰਘ ਵਿਧਾਇਕ ਤੇ ਸੰਸਦ ਮੈਂਬਰ ਰਹਿ ਚੁੱਕੇ ਹਨ। ਬੱਬੀ ਚੌਧਰੀ ਨੇ ਕਿਹਾ ਕਿ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇਸੇ ਲਈ ਉਨ੍ਹਾਂ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।

Posted By: Jagjit Singh