ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ : ਹੁਸ਼ਿਆਰਪੁਰ ਨੂੰ ਈਕੋ ਫਰੈਂਡਲੀ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਥਾਨਾ ਡੈਮ ਵਿਚ ਸਥਾਪਿਤ ਥਾਨਾ ਨੇਚਰ ਰੀਟਰੀਟ ਅਤੇ ਜੰਗਲ ਸਫਾਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਹੁਸ਼ਿਆਰਪੁਰ ਦੀਆਂ ਹੋਰਨਾਂ ਥਾਵਾਂ ’ਤੇ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਵੱਲੋਂ ਨਵੀਨੀਕਰਨ ਕੀਤੇ ਗਏ ਚੌਹਾਲ ਵਿਸ਼ਰਾਮ ਘਰ ਦਾ ਉਦਘਾਟਨ ਕਰਨ ਉਪਰੰਤ ਨੇਚਰ ਅਵੇਅਰਨੈੱਸ ਕੈਂਪ ਸਾਈਟ ਅਤੇ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਨ ਉਪਰੰਤ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਪ੍ਰਧਾਨ ਮੁੱਖ ਵਣ ਪਾਲ ਆਰਕੇ ਮਿਸ਼ਰਾ ਅਤੇ ਵਣ ਪਾਲ ਨਾਰਥ ਸਰਕਲ ਡਾ. ਸੰਜੀਵ ਕੁਮਾਰ ਤਿਵਾੜੀ ਵੀ ਮੌਜੂਦ ਸਨ।

ਵਣ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਚੌਹਾਲ ਡੈਮ ਨੂੰ ਈਕ ਫਰੈਂਡਲੀ ਟੂਰਿਸਟ ਸਪਾਟ ਦੇ ਤੌਰ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਨੇਚਰ ਅਵੇਅਰਨੈਸ ਕੈਂਪ ਬਣਾ ਕੇ ਈਕ ਫਰੈਂਡਲੀ ਹੱਟਸ ਤਿਆਰ ਕੀਤੀ ਜਾਵੇਗੀ, ਉਥੇ ਜੰਗਲ ਸਫ਼ਾਰੀ ਲਈ ਨੇਚਰ ਟਰੇਲ ਟਰੈਕ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਨਾ ਸਿਰਫ਼ ਜ਼ਿਲ੍ਹੇ ਬਲਕਿ ਹੋਰ ਜ਼ਿਲ੍ਹਿਆਂ ਦੇ ਲੋਕ ਵੀ ਇਸ ਸੁੰਦਰ ਸਥਾਨ ਦਾ ਆਨੰਦ ਲੈ ਸਕਣ। ਇਸ ਦੌਰਾਨ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਦੇ ਹੋਏ ਵਣ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜੰਗਲੀ ਜੀਵਾਂ ਪ੍ਰਤੀ ਜਾਗਰੂਕ ਕਰਨ ਲਈ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਸੈਰ ਸਪਾਟੇ ਨੂੰ ਬੜਾਵਾ ਦੇਣ ਵਾਲੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿਚ ਜੰਗਲ ਸਫ਼ਾਰੀ ਮੁੱਖ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵਣ ਵਿਭਾਗ ਸੈਰ ਸਪਾਟੇ ਦੇ ਵਿਕਾਸ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸੈਰ ਸਪਾਟੇ ਦੀ ਦ੍ਰਿਸ਼ਟੀ ਵਿਚ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਦੂਰ-ਦੁਰਾਡੇ ਤੋਂ ਸੈਲਾਨੀ ਆਉਣਗੇ।

Posted By: Shubham Kumar